ਵਾਸ਼ਿੰਗਟਨ, 14 ਦਸੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ 4 ਭਾਰਤੀ-ਅਮਰੀਕੀਆਂ ਸਮੇਤ ਕਰੀਬ 1500 ਲੋਕਾਂ ਨੂੰ ਮਾਫੀ ਦਿੱਤੀ ਹੈ। ਮਾਫੀ ਪ੍ਰਾਪਤ ਕਰਨ ਵਾਲੇ ਇਹ 4 ਭਾਰਤੀ-ਅਮਰੀਕੀ ਮੀਰਾ ਸਚਦੇਵ, ਬਾਬੂਭਾਈ ਪਟੇਲ, ਕ੍ਰਿਸ਼ਨਾ ਮੋਟੇ ਅਤੇ ਵਿਕਰਮ ਦੱਤਾ ਹਨ। ਬਾਇਡਨ ਨੇ ਵੀਰਵਾਰ ਨੂੰ ਇੱਕ ਬਿਆਨ ਵਿਚ ਕਿਹਾ, ‘ਅਮਰੀਕਾ ਸੰਭਾਵਨਾਵਾਂ ਅਤੇ ਦੂਜੇ ਮੌਕਿਆਂ ਦੇ ਵਾਅਦੇ ਉੱਤੇ ਬਣਿਆ ਹੋਇਆ ਹੈ। ਰਾਸ਼ਟਰਪਤੀ ਹੋਣ ਦੇ ਨਾਤੇ ਮੈਨੂੰ ਉਨ੍ਹਾਂ ਲੋਕਾਂ ਪ੍ਰਤੀ ਦਇਆ ਦਿਖਾਉਣ ਦਾ ਵੱਡਾ ਸਨਮਾਨ ਮਿਲਿਆ ਹੈ, ਜਿਨ੍ਹਾਂ ਨੇ ਤੋਬਾ ਅਤੇ ਮੁੜ ਵਸੇਬਾ ਕੀਤਾ ਹੈ…। ਅਮਰੀਕਾ ਨੇ ਅਹਿੰਸਕ ਅਪਰਾਧੀਆਂ, ਖਾਸ ਤੌਰ ‘ਤੇ ਨਸ਼ੀਲੇ ਪਦਾਰਥਾਂ ਦੇ ਅਪਰਾਧਾਂ ਦੇ ਦੋਸ਼ੀਆਂ ਲਈ ਸਜ਼ਾ ਵਿਚ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਕਦਮ ਚੁੱਕੇ ਹਨ।’
ਉਨ੍ਹਾਂ ਕਿਹਾ, ‘ਇਸ ਲਈ ਅੱਜ ਮੈਂ ਉਨ੍ਹਾਂ 39 ਲੋਕਾਂ ਨੂੰ ਮਾਫ ਕਰ ਰਿਹਾ ਹਾਂ, ਜਿਨ੍ਹਾਂ ਨੇ ਮੁੜ ਵਸੇਬਾ ਕੀਤਾ ਹੈ ਅਤੇ ਆਪਣੇ ਭਾਈਚਾਰਿਆਂ ਨੂੰ ਮਜ਼ਬੂਤ ਅਤੇ ਸੁਰੱਖਿਅਤ ਬਣਾਉਣ ਲਈ ਵਚਨਬੱਧਤਾ ਦਿਖਾਈ ਹੈ। ਮੈਂ ਲਗਭਗ 1,500 ਲੋਕਾਂ ਦੀ ਸਜ਼ਾ ਮਾਫ ਕਰ ਰਿਹਾ ਹਾਂ।’ ਹਾਲ ਹੀ ਦੇ ਸਮੇਂ ‘ਚ ਇਕ ਦਿਨ ‘ਚ ਇੰਨੀ ਵੱਡੀ ਗਿਣਤੀ ‘ਚ ਮਾਫੀ ਦੇਣ ਦੀ ਇਹ ਇਕਲੌਤੀ ਘਟਨਾ ਹੈ। ਦਸੰਬਰ 2012 ਵਿਚ ਡਾ. ਮੀਰਾ ਸਚਦੇਵ ਨੂੰ ਮਿਸੀਸਿਪੀ ਵਿਚ ਇੱਕ ਕੈਂਸਰ ਸੈਂਟਰ ਵਿਚ ਧੋਖਾਧੜੀ ਕਰਨ ਲਈ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਲਗਭਗ 82 ਲੱਖ ਅਮਰੀਕੀ ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਸੀ। ਹੁਣ ਉਹ 63 ਸਾਲਾਂ ਦੀ ਹੈ।
ਬਾਬੂਭਾਈ ਪਟੇਲ ਨੂੰ 2013 ਵਿਚ ਸਿਹਤ ਸੇਵਾ ਵਿਚ ਧੋਖਾਧੜੀ ਅਤੇ ਹੋਰ ਅਪਰਾਧਾਂ ਲਈ 17 ਸਾਲ ਦੀ ਸਜ਼ਾ ਸੁਣਾਈ ਗਈ ਸੀ। ਕ੍ਰਿਸ਼ਨਾ ਮੋਟੇ (54) ਨੂੰ ਸਾਲ 2013 ਵਿਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਵਿਕਰਮ ਦੱਤਾ (63) ਨੂੰ ਜਨਵਰੀ 2012 ਵਿਚ ਮੈਨਹਟਨ ਦੀ ਸੰਘੀ ਅਦਾਲਤ ਨੇ 235 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਸੀ।