#AMERICA

ਬਾਇਡਨ ਤੇ ਟਰੰਪ ਦੀ ਬਹਿਸ ਦੌਰਾਨ ਇਮੀਗ੍ਰੇਸ਼ਨ ਅਤੇ ਬਾਰਡਰ ਸੁਰੱਖਿਆ ਸਮੇਤ ਕਈ ਹੋਰ ਮੁੱਦਿਆਂ ‘ਤੇ ਹੋਵੇਗੀ ਬਹਿਸ

-27 ਜੂਨ ਨੂੰ ਹੋਣਗੇ ਆਹਮੋ-ਸਾਹਮਣੇ
ਵਾਸ਼ਿੰਗਟਨ, 26 ਜੂਨ (ਪੰਜਾਬ ਮੇਲ)- ਅਮਰੀਕਾ ‘ਚ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਮੈਦਾਨ ਭੱਖਣਾ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਦੇ ਉਮੀਦਵਾਰਾਂ ‘ਚ ਡੈਮੋਕ੍ਰੇਟ ਪਾਰਟੀ ਵੱਲੋਂ ਜੋਅ ਬਾਇਡਨ ਉਮੀਦਵਾਰ ਵਜੋਂ ਉਭਰੇ ਹਨ, ਜਦਕਿ ਰਿਪਬਲੀਕਨ ਪਾਰਟੀ ਵੱਲੋਂ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਇਕ ਵਾਰ ਫਿਰ ਦੁਬਾਰਾ ਰਾਸ਼ਟਰਪਤੀ ਬਣਨ ਲਈ ਜ਼ੋਰ-ਅਜ਼ਮਾਇਸ਼ ਕਰ ਰਹੇ ਹਨ। 5 ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਦੋਵੇਂ ਉਮੀਦਵਾਰ ਇਕ ਦੂਜੇ ਨਾਲ ਬਹਿਸ ਕਰ ਰਹੇ ਹਨ। ਪਹਿਲੀ ਬਹਿਸ 27 ਜੂਨ, ਦਿਨ ਵੀਰਵਾਰ ਨੂੰ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਸ਼ਾਮ 6 ਵਜੇ ਹੋਵੇਗੀ। ਅਟਲਾਂਟਾ, ਜਾਰਜੀਆ ਤੋਂ CNN ਤੋਂ ਦੋਹਾਂ ਵਿਚਕਾਰ ਬਹਿਸ ਦਾ ਲਾਈਵ ਪ੍ਰਸਾਰਨ ਹੋਵੇਗਾ, ਜਿਸ ਨੂੰ ਕੁੱਝ ਹੋਰ ਚੈਨਲਾਂ ਰਾਹੀਂ ਵੀ ਨਾਲੋਂ-ਨਾਲ ਰਿਲੇਅ ਕੀਤਾ ਜਾਵੇਗਾ। CNN ਦੇ ਐਂਕਰ ਜੈਕ ਟੈਪਰ ਅਤੇ ਡਾਨਾ ਬੈਸ਼ ਬਹਿਸ ਨੂੰ ਸੰਚਾਲਿਤ ਕਰਨਗੇ। 90 ਮਿੰਟ ਦੀ ਇਸ ਬਹਿਸ ਦੌਰਾਨ 2 ਵਪਾਰਕ ਬਰੇਕ ਹੋਣਗੇ। ਇਸ ਬਹਿਸ ‘ਤੇ ਸਾਰੀ ਦੁਨੀਆਂ ਦੀ ਨਜ਼ਰਾਂ ਹੋਣਗੀਆਂ। ਕਰੋੜਾਂ ਲੋਕ ਇਸ ਬਹਿਸ ਦਾ ਸਿੱਧਾ ਪ੍ਰਸਾਰਨ ਦੇਖਣ ਲਈ ਉਤਾਵਲੇ ਹਨ। ਦੋਵੇਂ ਉਮੀਦਵਾਰ ਇਸ ਬਹਿਸ ਦੌਰਾਨ ਖੜ੍ਹੇ ਰਹਿਣਗੇ। ਇਸ ਸਮੇਂ ਦੌਰਾਨ ਦੋਵਾਂ ਉਮੀਦਵਾਰਾਂ ਦਾ ਕੋਈ ਵੀ ਹਮਾਇਤੀ ਇਨ੍ਹਾਂ ਨਾਲ ਗੱਲਬਾਤ ਨਹੀਂ ਕਰ ਸਕੇਗਾ। ਇਹ ਉਮੀਦਵਾਰ ਆਪਣੇ ਨਾਲ ਕੋਈ ਵੀ ਲਿਖਤੀ ਨੋਟਿਸ ਨਹੀਂ ਲਿਜਾ ਸਕਣਗੇ। ਇਸ ਵਾਰ CNN ਦੇ ਸਟੂਡੀਓ ਵਿਚ ਦਰਸ਼ਕ ਵੀ ਨਹੀਂ ਹੋਣਗੇ।
ਜ਼ਿਕਰਯੋਗ ਹੈ ਕਿ ਜੋਅ ਬਾਇਡਨ ਅਤੇ ਡੋਨਲਡ ਟਰੰਪ ਆਪਣੇ 2020 ਮੁਕਾਬਲੇ ਦੌਰਾਨ 2 ਵਾਰ ਇਕ ਦੂਜੇ ਦੇ ਵਿਰੁੱਧ ਆਹਮੋ-ਸਾਹਮਣੇ ਹੋਏ ਸਨ। ਹੁਣ ਭਾਵੇਂ ਇਨ੍ਹਾਂ ਉਮੀਦਵਾਰਾਂ ਦੀ ਉਮਰ ਢੱਲ ਗਈ ਹੈ, ਪਰ ਇਨ੍ਹਾਂ ਨੇ ਚੋਣ ਮੈਦਾਨ ਨਹੀਂ ਛੱਡਿਆ ਹੈ। ਜੋਅ ਬਾਇਡਨ ਇਸ ਸਮੇਂ 81 ਸਾਲਾਂ ਦੇ ਹਨ, ਜਦਕਿ ਡੋਨਲਡ ਟਰੰਪ ਦੀ ਉਮਰ 78 ਸਾਲ ਹੈ। ਇਸ ਵਾਰ ਇਸ ਬਹਿਸ ਵਿਚ ਜਿੱਥੇ ਇੰਮੀਗ੍ਰੇਸ਼ਨ ਨਾਲ ਸੰਬੰਧਤ ਦੋਵੇਂ ਉਮੀਦਵਾਰ ਆਪੋ-ਆਪਣੇ ਸੁਝਾਅ ਪੇਸ਼ ਕਰਨਗੇ, ਉਥੇ ਸਰਹੱਦੀ ਸੁਰੱਖਿਆ, ਗਾਜ਼ਾ ਯੁੱਧ, ਗਰਭਪਾਤ, ਬੰਦੂਕ ਸੱਭਿਆਚਾਰ ਆਦਿ ‘ਤੇ ਵੀ ਬਹਿਸ ਹੋਵੇਗੀ।