#AMERICA

ਬਾਇਡਨ ਤੇ ਜਿਨਪਿੰਗ 15 ਨਵੰਬਰ ਨੂੰ ਸਾਨ ਫਰਾਂਸਿਸਕੋ ‘ਚ ਕਰ ਸਕਦੇ ਹਨ ਮੁਲਾਕਾਤ

ਸਾਨ ਫਰਾਂਸਿਸਕੋ, 9 ਨਵੰਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 15 ਨਵੰਬਰ ਨੂੰ ਸਾਨ ਫਰਾਂਸਿਸਕੋ ਵਿਚ ਦੁਵੱਲੀ ਮੀਟਿੰਗ ਕਰਨ ਦੀ ਯੋਜਨਾ ਬਣਾ ਰਹੇ ਹਨ। ਜਾਪਾਨੀ ਸਮਾਚਾਰ ਏਜੰਸੀ ਕਯੋਡੋ ਨੇ ਬੁੱਧਵਾਰ ਨੂੰ ਇਕ ਸੀਨੀਅਰ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਏਜੰਸੀ ਨੂੰ ਦੱਸਿਆ ਕਿ ਦੋਵੇਂ ਆਗੂ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਦੇ ਵਿੱਤ ਮੰਤਰੀਆਂ ਦੀ ਬੈਠਕ ਤੋਂ ਇਲਾਵਾ ਮਿਲਣ ਦੀ ਯੋਜਨਾ ਬਣਾ ਰਹੇ ਸਨ। ਚੀਨ ਨੇ ਹਾਲਾਂਕਿ ਸ਼ਿਖਰ ਸੰਮੇਲਨ ‘ਚ ਸ਼ੀ ਦੀ ਸ਼ਮੂਲੀਅਤ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਵ੍ਹਾਈਟ ਹਾਊਸ ਦੀ ਡਿਪਟੀ ਪ੍ਰੈੱਸ ਸਕੱਤਰ ਐਮਿਲੀ ਸਿਮੰਸ ਨੇ ਕਿਹਾ ਸੀ ਕਿ ਅਮਰੀਕਾ ਅਤੇ ਚੀਨ ਸਾਨ ਫਰਾਂਸਿਸਕੋ ‘ਚ ਸੰਮੇਲਨ ਤੋਂ ਇਲਾਵਾ ਬਾਇਡਨ ਅਤੇ ਜਿਨਪਿੰਗ ਵਿਚਾਲੇ ਮੀਟਿੰਗ ਆਯੋਜਿਤ ਕਰਨ ਲਈ ਸਿਧਾਂਤਿਕ ਤੌਰ ‘ਤੇ ਸਹਿਮਤ ਹੋ ਗਏ ਹਨ। ਮੀਟਿੰਗ ਦੀ ਵਿਉਂਤਬੰਦੀ ਨਾਲ ਜੁੜੇ ਇਕ ਜਾਣਕਾਰ ਨੇ ਦੱਸਿਆ ਕਿ ਰਾਸ਼ਟਰਪਤੀ ਬਾਈਡਨ ਅਤੇ ਚੀਨ ਦੇ ਚੋਟੀ ਦੇ ਨੇਤਾ ਸ਼ੀ ਜਿਨਪਿੰਗ ਵਿਚਾਲੇ ਹੋਣ ਵਾਲੀ ਸੰਭਾਵਿਤ ਮੀਟਿੰਗ ਦੀਆਂ ਤਿਆਰੀਆਂ ਭਾਵੇਂ ਸਹੀ ਦਿਸ਼ਾ ‘ਚ ਵਧ ਰਹੀਆਂ ਹਨ ਪਰ ਵ੍ਹਾਈਟ ਹਾਊਸ ਨੂੰ ਇਸ ਬੈਠਕ ਤੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਕੋਈ ਵੱਡਾ ਬਦਲਾਅ ਆਉਣ ਦੀ ਉਮੀਦ ਨਹੀਂ ਹੈ। ।