#Featured

ਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲਾ: ਪੰਜਾਬ ਪੁਲਿਸ ਵੱਲੋਂ 9 ਸਾਲਾਂ ਤੋਂ ਫਰਾਰ ਦੋਸ਼ੀ ਨੀਰਜ ਅਰੋੜਾ ਉਤਰਾਖੰਡ ਤੋਂ Arrest

– ਪੁਲਿਸ ਟੀਮਾਂ ਨੇ ਉਸ ਕੋਲੋਂ ਬੀ.ਐੱਮ.ਡਬਲਯੂ. ਕਾਰ, ਮੋਬਾਈਲ ਫ਼ੋਨ ਅਤੇ ਦਸਤਾਵੇਜ਼ ਕੀਤੇ ਬਰਾਮਦ
– 92 ਕੇਸਾਂ ਵਿਚ ਪੀ.ਓ. ਐਲਾਨਿਆ ਮੁਲਜ਼ਮ ਨੀਰਜ ਅਰੋੜਾ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਜ਼ੀ ਪਛਾਣ ਪੱਤਰਾਂ ਦੀ ਕਰ ਰਿਹਾ ਸੀ ਵਰਤੋਂ
ਚੰਡੀਗੜ੍ਹ/ਫਾਜ਼ਿਲਕਾ, 9 ਅਪ੍ਰੈਲ (ਪੰਜਾਬ ਮੇਲ)- ਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਸਕੈਮ ‘ਚ ਵੱਡੀ ਸਫਲਤਾ ਦਰਜ ਕਰਦੇ ਹੋਏ ਫ਼ਰੀਦਕੋਟ ਅਤੇ ਫਾਜ਼ਿਲਕਾ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਮੁੱਖ ਦੋਸ਼ੀ ਨੀਰਜ ਥਠਾਈ ਉਰਫ ਨੀਰਜ ਅਰੋੜਾ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਪਿਛਲੇ 8-9 ਸਾਲਾਂ ਤੋਂ ਫਰਾਰ ਸੀ ਅਤੇ ਭਗੌੜਾ ਸੀ, ਨੂੰ ਉੱਤਰਾਖੰਡ ਦੇ ਜ਼ਿਲ੍ਹਾ ਪਾਉਡੀ ਤੋਂ ਗ੍ਰਿਫਤਾਰ ਕੀਤਾ। ਉਕਤ ਮੁਲਜ਼ਮ ਭੋਲੇ-ਭਾਲੇ ਲੋਕਾਂ ਨੂੰ ਰਿਹਾਇਸ਼ੀ/ਵਪਾਰਕ ਪਲਾਟ ਦੇਣ ਦਾ ਝਾਂਸਾ ਦੇ ਕੇ ਵੱਡੀ ਰਕਮ ਠੱਗਦਾ ਸੀ।
ਇਹ ਕਾਰਵਾਈ ਫਾਜ਼ਿਲਕਾ ਦੇ ਅਮਨਦੀਪ ਕੰਬੋਜ ਉਰਫ਼ ਅਮਨ ਸਕੋਡਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ, ਜੋ 8 ਕੇਸਾਂ ਵਿਚ ਪੀ.ਓ. ਸੀ ਅਤੇ 18 ਕੇਸਾਂ ਵਿਚ ਬੇਲ ਜੰਪਰ (ਜ਼ਮਾਨਤ ਖੁੰਝਾ ਚੁੱਕਾ) ਸੀ। ਉਸ ਨੂੰ 15 ਮਾਰਚ, 2024 ਨੂੰ ਫਾਜ਼ਿਲਕਾ ਪੁਲਿਸ ਦੇ ਪੀ.ਓ. ਸਟਾਫ਼ ਨੇ ਵਾਰਾਣਸੀ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ।
ਆਈ.ਜੀ.ਪੀ. ਫਰੀਦਕੋਟ ਰੇਂਜ ਗੁਰਸ਼ਰਨ ਸਿੰਘ ਸੰਧੂ ਅਤੇ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ ਨੇ ਮੰਗਲਵਾਰ ਨੂੰ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਐੱਸ.ਪੀ. ਇਨਵੈਸਟੀਗੇਸ਼ਨ ਫਾਜ਼ਿਲਕਾ ਪਰਦੀਪ ਸਿੰਘ ਸੰਧੂ ਅਤੇ ਡੀ.ਐੱਸ.ਪੀ. ਨਾਰਕੋਟਿਕਸ ਫਰੀਦਕੋਟ ਇਕਬਾਲ ਸਿੰਘ ਸੰਧੂ ਦੀ ਅਗਵਾਈ ਵਿਚ ਦੋਵਾਂ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਨੇ ਐੱਸ.ਐੱਸ.ਪੀ. ਫਰੀਦਕੋਟ ਹਰਜੀਤ ਸਿੰਘ ਅਤੇ ਐੱਸ.ਐੱਸ.ਪੀ. ਫਾਜ਼ਿਲਕਾ ਡਾ: ਪ੍ਰਗਿਆ ਜੈਨ ਦੀ ਸਮੁੱਚੀ ਨਿਗਰਾਨੀ ਹੇਠ ਮੋਸਟ ਵਾਂਟੇਡ ਅਪਰਾਧੀ ਨੀਰਜ ਅਰੋੜਾ ਨੂੰ ਸ਼੍ਰੀ ਨਗਰ ਗੜ੍ਹਵਾਲ ਜ਼ਿਲ੍ਹਾ ਪਾਉਡੀ, ਉਤਰਾਖੰਡ ਤੋਂ ਗ੍ਰਿਫਤਾਰ ਕੀਤਾ ਹੈ।
ਪੁਲਿਸ ਟੀਮਾਂ ਨੇ ਮੁਲਜ਼ਮ ਨੀਰਜ ਅਰੋੜਾ ਦੇ ਕਬਜ਼ੇ ਵਿਚੋਂ ਇੱਕ ਲਗਜ਼ਰੀ ਬੀ.ਐੱਮ.ਡਬਲਯੂ. ਕਾਰ, ਕੁਝ ਮੋਬਾਈਲ ਫੋਨ ਅਤੇ ਜਾਅਲੀ ਦਸਤਾਵੇਜ਼ ਵੀ ਬਰਾਮਦ ਕੀਤੇ ਹਨ।
ਆਈ.ਜੀ.ਪੀ. ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਸੂਬੇ ਵਿਚ ਲੋਕਾਂ ਨੂੰ ਪੈਸੇ ਜਾਂ ਪਲਾਟ ਦੇਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਧੋਖਾਧੜੀ ਕਰਨ ਲਈ 21 ਜ਼ਿਲ੍ਹਿਆਂ ਵਿਚ ਦਰਜ 108 ਐੱਫ.ਆਈ.ਆਰਜ਼ ਦਾ ਸਾਹਮਣਾ ਕਰ ਰਿਹਾ ਹੈ। ਕੁੱਲ 108 ਐੱਫ.ਆਈ.ਆਰਜ਼ ਵਿਚੋਂ 47 ਫ਼ਾਜ਼ਿਲਕਾ ਵਿਚ ਦਰਜ ਹਨ; ਫਿਰੋਜ਼ਪੁਰ ਵਿਚ ਅੱਠ; ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਵਿਚ ਛੇ-ਛੇ; ਰੂਪਨਗਰ, ਮੁਹਾਲੀ ਅਤੇ ਐੱਸ.ਏ.ਐੱਸ. ਨਗਰ ਵਿਚ ਪੰਜ-ਪੰਜ; ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਜਲੰਧਰ ਕਮਿਸ਼ਨਰੇਟ ਵਿਚ ਚਾਰ-ਚਾਰ ਕੇਸ ਦਰਜ ਹਨ।
ਜ਼ਿਕਰਯੋਗ ਹੈ ਕਿ ਫਰਵਰੀ 2016 ‘ਚ ਫਾਜ਼ਿਲਕਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੀਰਜ ਅਰੋੜਾ ਨੇ ਜ਼ਮਾਨਤ ਬੇਲ ਜੰਪ (ਜ਼ਮਾਨਤ ਖੁੰਝਾ ਦਿੱਤੀ) ਕਰ ਦਿੱਤੀ ਸੀ ਅਤੇ ਫਰਵਰੀ 2017 ‘ਚ ਉਸ ਨੂੰ ਪੀ.ਓ. ਐਲਾਨ ਦਿੱਤਾ ਗਿਆ ਸੀ । ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੀਰਜ ਥਠਾਈ ਦੇ ਖਿਲਾਫ ਕੇਸ ਦਰਜ ਕੀਤੇ ਅਤੇ ਜਾਇਦਾਦਾਂ ਜ਼ਬਤ ਕੀਤੀਆਂ ਹਨ, ਜਦੋਂਕਿ ਪੀੜਤਾਂ ਦੁਆਰਾ ਦਾਇਰ ਕੀਤੀਆਂ ਗਈਆਂ ਕਈ ਰਿੱਟ ਪਟੀਸ਼ਨਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿਚ ਲੰਬਿਤ ਹਨ।
ਡੀ.ਆਈ.ਜੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਜ਼ੀ ਆਈ.ਡੀ. ਦੀ ਵਰਤੋਂ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲ ਪੰਜਾਬ ਅਤੇ ਮੱਧ ਪ੍ਰਦੇਸ਼ ਵਿਚ 1200 ਏਕੜ ਤੋਂ ਵੱਧ ਜ਼ਮੀਨ ਅਤੇ 200 ਰਿਹਾਇਸ਼ੀ ਫਲੈਟ ਹਨ, ਜਿਨ੍ਹਾਂ ਦੀ ਕੀਮਤ 1,000 ਕਰੋੜ ਰੁਪਏ ਤੋਂ ਵੱਧ ਹੈ।

ਫਰੀਦਕੋਟ ਅਤੇ ਫਾਜ਼ਿਲਕਾ ਪੁਲਿਸ ਨੇ 2024 ਵਿਚ 211 ਪੀ.ਓਜ਼ ਕੀਤੇ ਗ੍ਰਿਫਤਾਰ
ਭਗੌੜਾ ਅਪਰਾਧੀਆਂ (ਪੀ.ਓ.) ਨੂੰ ਗ੍ਰਿਫਤਾਰ ਕਰਨ ਲਈ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਅਤੇ ਫਰੀਦਕੋਟ ਪੁਲਿਸ ਨੇ ਇਸ ਸਾਲ ਹੁਣ ਤੱਕ 211 ਪੀ.ਓ. ਨੂੰ ਗ੍ਰਿਫਤਾਰ ਕੀਤਾ ਹੈ। ਫਾਜ਼ਿਲਕਾ ਪੁਲਿਸ ਨੇ 150 ਪੀ.ਓਜ਼ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਫਰੀਦਕੋਟ ਪੁਲਿਸ ਨੇ 61 ਪੀ.ਓ. ਗ੍ਰਿਫਤਾਰ ਕੀਤੇ ਹਨ।