#AMERICA

ਬਹੁਤੇ ਅਮਰੀਕੀਆਂ ਲਈ ਭਵਿੱਖ ਵਿਚ 9/11 ਵਰਗਾ ਅੱਤਵਾਦੀ ਹਮਲਾ ਰੋਕਣਾ ਉੱਚ ਤਰਜੀਹ

ਤਾਜ਼ਾ ਸਰਵੇਖਣ ਵਿਚ ਹੋਇਆ ਖੁਲਾਸਾ
ਸੈਕਰਾਮੈਂਟੋ, 29 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਤਾਜ਼ਾ ਸਰਵੇਖਣ ਵਿਚ ਬਹੁਤੇ ਅਮਰੀਕੀਆਂ ਨੇ ਕਿਹਾ ਹੈ ਕਿ ਵਿਦੇਸ਼ ਨੀਤੀ ਵਿਚ ਭਵਿੱਖ ਵਿਚ 9/11 ਵਰਗਾ ਅੱਤਵਾਦੀ ਹਮਲਾ ਰੋਕਣ ਦਾ ਮੁੱਦਾ ਚੋਟੀ ਦੀ ਤਰਜੀਹ ਵਜੋਂ ਸ਼ਾਮਲ ਹੋਣਾ ਚਾਹੀਦਾ ਹੈ, ਨਾ ਕਿ ਵਿਸ਼ਵ ਭਰ ਵਿਚ ਲੋਕਤੰਤਰ ਨੂੰ ਉਤਸ਼ਾਹਿਤ ਕਰਨਾ ਤੇ ਮਨੁੱਖੀ ਹੱਕ ਉੱਚ ਤਰਜੀਹ ਵਿਚ ਸ਼ਾਮਲ ਹੋਣ, ਜਿਵੇਂ ਕਿ ਸਮੇਂ-ਸਮੇਂ ‘ਤੇ ਬਣੇ ਰਾਸ਼ਟਰਪਤੀਆਂ ਜਾਂ ਅਮਰੀਕੀ ਪ੍ਰਸ਼ਾਸਨ ਦੀ ਤਰਜੀਹ ਰਹੇ ਹਨ। ਇਸ ਤੋਂ ਇਲਾਵਾ ਗੈਰ ਕਾਨੂੰਨੀ ਡਰੱਗ ਦੇ ਵਹਾਅ ਨੂੰ ਰੋਕਣਾ ਦੂਸਰੀ ਤੇ ਪ੍ਰਮਾਣੂ ਹਥਿਆਰਾਂ ਦੇ ਪਸਾਰ ਨੂੰ ਰੋਕਣਾ ਤੀਸਰੀ ਤਰਜੀਹ ਵਜੋਂ ਵਿਦੇਸ਼ ਨੀਤੀ ਦੀ ਸੂਚੀ ਵਿਚ ਸ਼ਾਮਲ ਹੋਣੇ ਚਾਹੀਦੇ ਹਨ। ਇਸ ਸਰਵੇਖਣ ਅਨੁਸਾਰ ਰੂਸ ਤੇ ਚੀਨ ਦੇ ਪ੍ਰਭਾਵ ਨੂੰ ਘਟਾਉਣਾ ਤੇ ਵਾਤਾਵਰਣ ਤਬਦੀਲੀ ਨਾਲ ਲੜਨਾ ਅਮਰੀਕੀਆਂ ਵੱਲੋਂ ਸੂਚੀ ਦੇ ਮੱਧ ਵਿਚ ਸ਼ਾਮਲ ਕੀਤੇ ਗਏ ਹਨ। ਜਦਕਿ ਸੰਯੁਕਤ ਰਾਸ਼ਟਰ ਨੂੰ ਮਜ਼ਬੂਤ ਕਰਨਾ ਤੇ ਮਨੁੱਖੀ ਹੱਕਾਂ ਨੂੰ ਉਤਸ਼ਾਹਿਤ ਕਰਨਾ ਸੂਚੀ ਦੀਆਂ ਹੇਠਲੀਆਂ ਤਰਜੀਹਾਂ ਵਿਚ ਦਰਜ ਹੋਏ ਹਨ। ਸਰਵੇ ਵਿਚ ਵਿਸ਼ਵ ਭਰ ‘ਚ ਲੋਕਤੰਤਰ ਨੂੰ ਉਤਸ਼ਾਹਿਤ ਕਰਨ ਦੇ ਮੁੱਦੇ ਨੂੰ ਸੂਚੀ ਵਿਚ ਸਭ ਤੋਂ ਹੇਠਾਂ ਜਗ੍ਹਾ ਮਿਲੀ ਹੈ। ਪੀਊ ਰਿਸਰਚ ਸੈਂਟਰ ਨੇ ਅਪ੍ਰੈਲ ਦੇ ਪਹਿਲੇ ਹਫਤੇ ਵਿਚ ਅਮਰੀਕੀ ਵਿਦੇਸ਼ ਨੀਤੀ ਦੀਆਂ ਤਰਜੀਹਾਂ ਸਬੰਧੀ 3000 ਅਮਰੀਕੀਆਂ ਦੀ ਰਾਏ ਲਈ ਸੀ। 11 ਸਤੰਬਰ, 2001 ਨੂੰ ਅਮਰੀਕੀ ਟਰੇਡ ਟਾਵਰਾਂ ‘ਤੇ ਹੋਏ ਭਿਆਨਕ ਅੱਤਵਾਦੀ ਹਮਲੇ ਜਿਸ ਵਿਚ 35 ਭਾਰਤੀਆਂ ਸਮੇਤ 3000 ਦੇ ਕਰੀਬ ਲੋਕ ਮਾਰੇ ਗਏ ਸਨ, ਦੀਆਂ ਯਾਦਾਂ ਨੂੰ ਮੰਨਾਂ ਵਿਚ ਵਸਾਈ ਬੈਠੇ 73 ਫੀਸਦੀ ਅਮਰੀਕੀਆਂ ਨੇ ਕਿਹਾ ਹੈ ਕਿ ਵਿਦੇਸ਼ੀ ਨੀਤੀ ਦੀ ਸਿਰੇ ਦੀ ਤਰਜੀਹ ਭਵਿੱਖ ‘ਚ ਅੱਤਵਾਦੀ ਹਮਲੇ ਰੋਕਣ ਦੀ ਹੋਣੀ ਚਾਹੀਦੀ ਹੈ। 64 ਫੀਸਦੀ ਅਮਰੀਕੀਆਂ ਨੇ ਕਿਹਾ ਹੈ ਕਿ ਦੇਸ਼ ਵਿਚ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਹਾਅ ਨੂੰ ਰੋਕਣਾ ਦੂਸਰੀ ਉੱਚ ਤਰਜੀਹ ਹੋਣੀ ਚਾਹੀਦੀ ਹੈ, ਜਦ ਕਿ 63 ਫੀਸਦੀ ਨੇ ਕਿਹਾ ਹੈ ਕਿ ਵਿਆਪਕ ਤਬਾਹੀ ਵਾਲੇ ਪ੍ਰਮਾਣੂ ਹਥਿਆਰਾਂ ਦੇ ਪਸਾਰ ਨੂੰ ਰੋਕਣਾ ਵਿਦੇਸ਼ ਨੀਤੀ ਦੀ ਤੀਸਰੀ ਤਰਜੀਹ ਹੋਵੇ।