#PUNJAB

ਬਸਪਾ ਆਗੂ ਦੀ ਗੋਲੀ ਮਾਰ ਕੇ ਹੱਤਿਆ

ਅੰਬਾਲਾ, 25 ਜਨਵਰੀ (ਪੰਜਾਬ ਮੇਲ)- ਹਰਿਆਣਾ ਦੇ ਅੰਬਾਲਾ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਇਕ ਨੇਤਾ ਦੀ ਹਥਿਆਰਬੰਦ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਬਸਪਾ ਆਗੂ ਹਰਬਿਲਾਸ ਸਿੰਘ ਰੱਜੂਮਾਜਰਾ ਅਤੇ ਦੋ ਦੋਸਤਾਂ ਪੁਨੀਤ ਅਤੇ ਗੁਗਲ ਦੇ ਨਾਲ ਸ਼ੁੱਕਰਵਾਰ ਸ਼ਾਮ ਨੂੰ ਆਪਣੀ ਕਾਰ ਵਿੱਚ ਸਵਾਰ ਸਨ, ਜਿਸ ਦੌਰਾਨ ਇਹ ਹਮਲਾ ਹੋਇਆ। ਆਗੂ ਦੇ ਸਾਥੀ ਪੁਨੀਤ ਨੂੰ ਵੀ ਗੋਲੀਆਂ ਲੱਗੀਆਂ।

ਹਮਲੇ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਹਰਬਿਲਾਸ ਨੇ ਦੇਰ ਰਾਤ ਦਮ ਤੋੜ ਦਿੱਤਾ ਜਦਕਿ ਪੁਨੀਤ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਪੁਲੀਸ ਨੇ ਦੱਸਿਆ ਕਿ ਹਮਲਾਵਰਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਨਰਾਇਣਗੜ੍ਹ ਦੇ ਐੱਸਐੱਚਓ ਲਲਿਤ ਕੁਮਾਰ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਬਾਲਾ ਦੇ ਐਸਪੀ ਐਸ ਭੋਰੀਆ ਨੇ ਦੱਸਿਆ ਕਿ ਹਮਲਾਵਰਾਂ ਨੂੰ ਫੜਨ ਲਈ ਪੁਲੀਸ ਟੀਮ ਦਾ ਗਠਨ ਕੀਤਾ ਗਿਆ ਹੈ। ਅੰਬਾਲਾ ਸਥਿਤ ਬਸਪਾ ਆਗੂਆਂ ਨੇ ਮੰਗ ਕੀਤੀ ਹੈ ਕਿ ਪੁਲੀਸ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਫੜਨ ਲਈ ਹਰ ਸੰਭਵ ਯਤਨ ਕਰੇ। ਜ਼ਿਕਰਯੋਗ ਹੈ ਕਿ ਰੱਜੂਮਾਜਰਾ ਨੇ ਪਿਛਲੇ ਸਾਲ ਨਾਰਾਇਣਗੜ੍ਹ ਤੋਂ ਵਿਧਾਨ ਸਭਾ ਚੋਣ ਲੜੀ ਸੀ।