ਲੰਡਨ, 15 ਫਰਵਰੀ (ਪੰਜਾਬ ਮੇਲ)-ਬਰਤਾਨੀਆ ਨੇ ਮਾਲ ਤੇ ਮਨੁੱਖੀ ਤਸਕਰੀ ਮਾਮਲਿਆਂ ਵਿਚ ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ ਅਪਰਾਧੀਆਂ ਦੇ ਨੌਂ ਮੈਂਬਰੀ ਗਿਰੋਹ ‘ਤੇ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਹਨ। ਬਰਤਾਨਵੀ ਅਧਿਕਾਰੀਆਂ ਨੇ ਭਵਿੱਖ ਵਿਚ ਅਪਰਾਧ ‘ਤੇ ਨੱਥ ਪਾਉਣ ਲਈ ਉਨ੍ਹਾਂ ਨੂੰ ਗੰਭੀਰ ਅਪਰਾਧ ਰੋਕਥਾਮ ਆਦੇਸ਼ (ਐੱਸ.ਸੀ.ਪੀ.ਓ.) ਅਧੀਨ ਰੱਖਿਆ ਹੈ। ਇਨ੍ਹਾਂ ਵਿਚ ਸਵੰਦਰ ਢੱਲ (38), ਜਸਬੀਰ ਕਪੂਰ (36), ਦਿਲਜਾਨ ਮਲਹੋਤਰਾ (48), ਚਰਨ ਸਿੰਘ (46), ਵਲਜੀਤ ਸਿੰਘ (35), ਜਸਬੀਰ ਸਿੰਘ ਢੱਲ (33), ਜਗਿੰਦਰ ਕਪੂਰ (48), ਜੈਕਦਾਰ ਕਪੂਰ (51) ਅਤੇ ਅਮਰਜੀਤ ਅਲਬਾਦਿਸ (32) ਸ਼ਾਮਲ ਹਨ।
ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਨੇ ਗੰਭੀਰ ਤੇ ਸੰਗਠਿਤ ਅਪਰਾਧ ਵਿਚ ਸ਼ਾਮਲ ਹੋਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਸੀਮਤ ਕਰਨ ਲਈ ਇਹ ਆਦੇਸ਼ ਲਾਗੂ ਕੀਤੇ ਹਨ। ਸੰਗਠਿਤ ਅਪਰਾਧ ਗਰੁੱਪ ਦੇ ਮੈਂਬਰਾਂ ਵਜੋਂ ਉਨ੍ਹਾਂ ਨੂੰ ਹਾਲ ਹੀ ਵਿਚ ਬਰਤਾਨੀਆ ਤੋਂ ਸੂਟਕੇਸ ਵਿਚ ਛਿਪਾ ਕੇ ਡੇਢ ਕਰੋੜ ਪੌਂਡ ਦੁਬਈ ਲਿਜਾਣ ਅਤੇ ਦੇਸ਼ ਵਿਚ 17 ਪ੍ਰਵਾਸੀਆਂ ਦੀ ਤਸਕਰੀ ਦੀ ਕੋਸ਼ਿਸ਼ ਦੇ ਦੋਸ਼ ਹੇਠ ਦੋਸ਼ੀ ਠਹਿਰਾਇਆ ਗਿਆ ਸੀ। ਉਨ੍ਹਾਂ ਨੂੰ ਇਨ੍ਹਾਂ ਅਪਰਾਧਾਂ ਲਈ ਜੇਲ੍ਹ ਦੀ ਲੰਮੀ ਸਜ਼ਾ ਮਿਲੀ ਹੋਈ ਹੈ। ਉਨ੍ਹਾਂ ‘ਤੇ ਗੰਭੀਰ ਅਪਰਾਧ ਰੋਕਥਾਮ ਆਦੇਸ਼ ਦੀਆਂ ਸ਼ਰਤਾਂ ਜੇਲ੍ਹ ਦੀ ਸਜ਼ਾ ਪੂਰੀ ਕਰਨ ਮਗਰੋਂ ਲਾਗੂ ਹੋਣਗੀਆਂ। ਉਨ੍ਹਾਂ ‘ਤੇ ਵਿੱਤੀ, ਜਾਇਦਾਦ, ਬੈਂਕ ਖਾਤਿਆਂ ਅਤੇ ਕੌਮਾਂਤਰੀ ਯਾਤਰਾ ਟਿਕਟ ਖ਼ਰੀਦਣ ‘ਤੇ ਪਾਬੰਦੀ ਰਹੇਗੀ।