#EUROPE

ਬਰਤਾਨੀਆ ਦੇ ਸੰਸਦ ਮੈਂਬਰ ਵਿਰੇਂਦਰ ਸ਼ਰਮਾ ਵੱਲੋਂ ਸਰਗਰਮ ਸਿਆਸਤ ਤੋਂ ਸੰਨਿਆਸ

-ਆਮ ਚੋਣਾਂ ਨਾ ਲੜਨ ਦਾ ਐਲਾਨ
ਲੰਡਨ, 29 ਮਈ (ਪੰਜਾਬ ਮੇਲ)- ਬਰਤਾਨੀਆ ਦੇ ਭਾਰਤੀ ਮੂਲ ਦੇ ਮਾਹਿਰ ਸੰਸਦ ਮੈਂਬਰ ਅਤੇ ਭਾਰਤ-ਬਰਤਾਨੀਆ ਦੇ ਗੂੜ੍ਹੇ ਸਬੰਧਾਂ ਦੇ ਜ਼ੋਰਦਾਰ ਸਮਰਥਕ ਵਿਰੇਂਦਰ ਸ਼ਰਮਾ ਨੇ ਐਲਾਨ ਕੀਤਾ ਕਿ ਉਹ ਹੁਣ ਸਿਆਸਤ ਵਿਚ ਸਰਗਰਮ ਨਹੀਂ ਰਹਿਣਗੇ। ਨਾਲ ਹੀ ਉਹ ਬਰਤਾਨੀਆ ਵਿਚ 4 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਨਹੀਂ ਲੜਨਗੇ। ਲੇਬਰ ਪਾਰਟੀ ਦੇ 77 ਸਾਲਾ ਸੰਸਦ ਮੈਂਬਰ ਨੇ ਕਿਹਾ ਕਿ ਹੁਣ ਉਹ ਦਾਦੇ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਾ ਚਾਹੁੰਦੇ ਹਨ, ਇਸ ਲਈ ਇਹ ਉਨ੍ਹਾਂ ਦੀ ਜ਼ਿੰਦਗੀ ਵਿਚ ਨਵੇਂ ਅਧਿਆਏ ਦਾ ਸਮਾਂ ਹੈ। ਉਨ੍ਹਾਂ ਪੰਜਾਬੀ ਬਹੁਗਿਣਤੀ ਵਾਲੇ ਈਲਿੰਗ ਸਾਊਥਹਾਲ ਹਲਕੇ ਤੋਂ 2007 ਦੀਆਂ ਆਮ ਚੋਣਾਂ ਵਿਚ ਜਿੱਤ ਦਰਜ ਕੀਤੀ ਸੀ ਅਤੇ ਇਸ ਮਗਰੋਂ ਉਹ ਲਗਾਤਾਰ ਚਾਰ ਵਾਰ ਜਿੱਤਦੇ ਰਹੇ ਹਨ। ਪੰਜਾਬ ਦੇ ਮੰਡਾਲੀ ਪਿੰਡ ਵਿਚ ਜਨਮੇ ਸ਼ਰਮਾ 1968 ਵਿਚ ਬਰਤਾਨੀਆ ਚਲੇ ਗਏ ਅਤੇ ‘ਟਰੇਡ ਯੂਨੀਅਨ ਸਕਾਲਰਸ਼ਿਪ’ ‘ਤੇ ‘ਲੰਡਨ ਸਕੂਲ ਆਫ ਇਕਨਾਮਿਕਸ’ ਵਿਚ ਪੜ੍ਹਾਈ ਕਰਨ ਤੇ ‘ਟਰੇਡ ਯੂਨੀਅਨ’ ਦੇ ਮੁਖੀ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਬੱਸ ਕੰਡਕਟਰ ਵਜੋਂ ਕੰਮ ਕੀਤਾ ਸੀ। ਵਿਰੇਂਦਰ ਸ਼ਰਮਾ ਨੇ ਸੋਮਵਾਰ ਸ਼ਾਮ ਨੂੰ ਆਪਣੀ ਪਾਰਟੀ ਮੌਕੇ ਸੰਬੋਧਨ ਦੌਰਾਨ ਇੱਕ ਪੱਤਰ ਰਾਹੀਂ ਇਹ ਜਾਣਕਾਰੀ ਦਿੱਤੀ।