#EUROPE

ਬਰਤਾਨੀਆ ‘ਚ ‘ਫੈਮਿਲੀ ਵੀਜ਼ੇ’ ਲਈ ਤਨਖਾਹ ਦੀ ਹੱਦ ‘ਚ ਕੀਤਾ ਵਾਧਾ ਕਈ ਪੜਾਵਾਂ ‘ਚ ਹੋਵੇਗਾ ਲਾਗੂ

* ਸਰਕਾਰ ਨੇ ਸੰਸਦ ਵਿਚ ਦਿੱਤੀ ਜਾਣਕਾਰੀ
* ਘੱਟੋ-ਘੱਟ ਸਾਲਾਨਾ ਤਨਖਾਹ ਦੀ ਹੱਦ ‘ਚ ਵਾਧੇ ਦੀ ਰੱਖੀ ਗਈ ਹੈ ਤਜਵੀਜ਼
ਲੰਡਨ, 23 ਦਸੰਬਰ (ਪੰਜਾਬ ਮੇਲ)- ‘ਫੈਮਿਲੀ ਵੀਜ਼ੇ’ ‘ਤੇ ਪਤੀ-ਪਤਨੀ ਜਾਂ ਸਾਥੀ ਨੂੰ ਸਪਾਂਸਰ ਕਰਨ ਲਈ ਯੂ.ਕੇ. ਸਰਕਾਰ ਵੱਲੋਂ ਘੱਟੋ-ਘੱਟ ਸਾਲਾਨਾ ਤਨਖਾਹ ਸਬੰਧੀ ਰੱਖੀ ਗਈ ਹੱਦ ‘ਚ ਵਾਧਾ ਵੱਖ-ਵੱਖ ਪੜਾਵਾਂ ਵਿਚ ਹੋਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਨੇ ਬਰਤਾਨਵੀ ਨਾਗਰਿਕਾਂ ਤੇ ਪੱਕੇ ਨਿਵਾਸੀਆਂ ਲਈ ਨਵੀਂ ਸਮਾਂ-ਸੀਮਾ ਤੈਅ ਕੀਤੀ ਹੈ। ਸੰਸਦ ਵਿਚ ਜਾਣਕਾਰੀ ਦਿੰਦਿਆਂ ਸਰਕਾਰ ਨੇ ਦੱਸਿਆ ਕਿ ਪਹਿਲਾਂ 2024 ਦੇ ਸ਼ੁਰੂ ਵਿਚ ਇਸ ਨੂੰ ਵਧਾ ਕੇ 29,000 ਪਾਊਂਡ ਕੀਤਾ ਜਾਵੇਗਾ। ਜਦਕਿ ਵਰਤਮਾਨ ‘ਚ ਇਹ ਸੀਮਾ 18,600 ਪਾਊਂਡ ਹੈ। ਇਸ ਤੋਂ ਬਾਅਦ ਦੋ ਹੋਰ ਵਾਧੇ ਹੋਣਗੇ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਜੇਮਜ਼ ਕਲੈਵਰਲੀ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਦੱਸਿਆ ਸੀ ਕਿ ‘ਸਕਿਲਡ ਵਰਕਰ ਵੀਜ਼ਾ ਰੂਟ’ ਲਈ ਘੱਟੋ-ਘੱਟ ਤਨਖਾਹ ਦੀ ਯੋਗਤਾ ਵਧਾ ਕੇ 38,700 ਪਾਊਂਡ ਕੀਤੀ ਜਾ ਰਹੀ ਹੈ। ਸਰਕਾਰ ਪਹਿਲੇ ਪੜਾਅ ਵਿਚ ਇਸ ਨੂੰ 18,600 ਤੋਂ ਵਧਾ ਕੇ 29,000 ਪਾਊਂਡ ਕਰੇਗੀ। ਮਗਰੋਂ ਦੋ ਪੜਾਵਾਂ ਵਿਚ ਵਧਾ ਕੇ ਇਸ ਨੂੰ 38,700 ਕਰ ਦਿੱਤਾ ਜਾਵੇਗਾ। ਹੋਮ ਆਫਿਸ ਮੁਤਾਬਕ ਇਸ ਹੱਦ ਨੂੰ ਪਿਛਲੇ ਇਕ ਦਹਾਕੇ ਤੋਂ ਵਧਾਇਆ ਨਹੀਂ ਗਿਆ ਹੈ। ਇਸ ਲਈ ਇਹ ਤਨਖਾਹ ਦਾ ਉਹ ਦਰਜਾ ਨਹੀਂ ਦਿਖਾਉਂਦੀ, ਜੋ ਇਕ ਪਰਿਵਾਰ ਦੇ ਆਤਮ-ਨਿਰਭਰ ਹੋਣ ਲਈ ਜ਼ਰੂਰੀ ਹੈ, ਤਾਂ ਕਿ ਉਨ੍ਹਾਂ ਨੂੰ ਸਰਕਾਰੀ ਫੰਡਾਂ ਦੀ ਲੋੜ ਨਾ ਪਏ। ਉਨ੍ਹਾਂ ਕਿਹਾ, ‘ਪਰਿਵਾਰਕ ਜ਼ਿੰਦਗੀ ਇੱਥੇ ਕਰਦਾਤਾ ਦੇ ਖ਼ਰਚ ‘ਤੇ ਖੜ੍ਹੀ ਨਹੀਂ ਹੋਣੀ ਚਾਹੀਦੀ ਤੇ ਪਰਿਵਾਰਕ ਪੱਖ ਤੋਂ ਆਵਾਸੀ ਉਦੋਂ ਹੀ ਆਉਣੇ ਚਾਹੀਦੇ ਹਨ, ਜਦ ਉਹ ਬਰਤਾਨਵੀ ਜ਼ਿੰਦਗੀ ਵਿਚ ਪੂਰਾ ਹਿੱਸਾ ਪਾਉਣ ਦੇ ਯੋਗ ਹੋਣ।’