ਲੰਡਨ, 9 ਮਈ (ਪੰਜਾਬ ਮੇਲ)- ਭਾਰਤ ਦੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਵਧ ਗਈਆਂ ਹਨ। ਬਰਤਾਨੀਆ ਦੀ ਇਕ ਅਦਾਲਤ ਨੇ ਇਕ ਵਾਰ ਫਿਰ ਉਸ ਦੀ ਜ਼ਮਾਨਤ ਪਟੀਸ਼ਨ ਖਾਰਿਜ਼ ਕਰ ਦਿੱਤੀ ਹੈ। ਨੀਰਵ ਮੋਦੀ, ਜੋ ਪਿਛਲੇ ਪੰਜ ਸਾਲਾਂ ਤੋਂ ਲੰਡਨ ਦੀ ਜੇਲ੍ਹ ਵਿਚ ਬੰਦ ਹੈ, ਨੇ ਲੰਬੀ ਕੈਦ ਦਾ ਹਵਾਲਾ ਦਿੰਦੇ ਹੋਏ 5ਵੀਂ ਵਾਰ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਇਸ ਵਾਰ ਵੀ ਖਾਰਿਜ ਕਰ ਦਿੱਤਾ। ਭਾਰਤ ਵਿਚ ਧੋਖਾਧੜੀ ਅਤੇ ਹਵਾਲਾ ਰਾਸ਼ੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਆਪਣੀ ਹਵਾਲਗੀ ਦੀ ਲੜਾਈ ਹਾਰਨ ਵਾਲਾ 52 ਸਾਲਾ ਹੀਰਾ ਵਪਾਰੀ ਲੰਡਨ ਦੀ ਵੈਸਟਮਿਸਟਰ ਮੈਜਿਸਟ੍ਰੇਟ ਅਦਾਲਤ ‘ਚ ਜ਼ਮਾਨਤ ਦੀ ਸੁਣਵਾਈ ਲਈ ਪੇਸ਼ ਨਹੀਂ ਹੋਇਆ ਪਰ ਉਸ ਦਾ ਪੁੱਤਰ ਅਤੇ ਦੋ ਧੀਆਂ ਅਦਾਲਤ ‘ਚ ਮੌਜੂਦ ਸਨ।