#EUROPE

ਫੈਰੀ ਡੁੱਬਣ ਕਾਰਨ 90 ਤੋਂ ਵੱਧ ਮੌਤਾਂ

-ਡੱਬਣ ਵਾਲਿਆਂ ‘ਚ ਬਹੁਤੇ ਬੱਚੇ
ਹਰਾਰੇ, 9 ਅਪ੍ਰੈਲ (ਪੰਜਾਬ ਮੇਲ)-  ਮੋਜ਼ੰਬੀਕ ਦੇ ਉੱਤਰੀ ਸਾਹਿਲ ‘ਤੇ ਫੈਰੀ (ਬੇੜੀ) ਡੁੱਬਣ ਨਾਲ ਬੱਚਿਆਂ ਸਣੇ 90 ਤੋਂ ਵੱਧ ਲੋਕ ਮਾਰੇ ਗਏ। ਸਥਾਨਕ ਮੀਡੀਆ ਮੁਤਾਬਕ ਬੇੜੀ ‘ਤੇ 130 ਲੋਕ ਸਵਾਰ ਸਨ ਤੇ ਡੁੱਬਣ ਵਾਲਿਆਂ ਵਿਚੋਂ ਬਹੁਤੇ ਬੱਚੇ ਹਨ। ਸਥਾਨਕ ਆਨਲਾਈਨ ਆਊਟਲੈੱਟ ਟੀ.ਵੀ. ਡਾਇਰੀਓ ਨਾਮਪੁਲਾ ਮੁਤਾਬਕ ਬੇੜੀ ਲੁੰਗਾ ਤੇ ਨਾਮਪੁਲਾ ਸੂਬੇ ਦੇ ਮੋਜ਼ੰਬੀਕ ਟਾਪੂ ਦਰਮਿਆਨ ਚੱਲ ਰਹੀ ਸੀ, ਜਦੋਂ ਇਹ ਡੁੱਬ ਗਈ। ਰਾਹਤ ਕਾਰਜ ਅੱਜ ਵੀ ਜਾਰੀ ਰਹੇ ਤੇ ਅਜੇ ਵੀ ਕਈ ਲੋਕ ਲਾਪਤਾ ਦੱਸੇ ਜਾਂਦੇ ਹਨ। ਰਿਪੋਰਟ ਵਿਚ ਕਿਹਾ ਗਿਆ ਕਿ ਬੇੜੀ ਸਵਾਰ ਕੁਝ ਲੋਕ ਇਕ ਮੇਲੇ ‘ਚ ਸ਼ਾਮਲ ਹੋਣ ਲਈ ਜਾ ਰਹੇ ਸਨ, ਜਦੋਂਕਿ ਕੁਝ ਹੈਜ਼ੇ ਤੋਂ ਬਚਣ ਲਈ ਲੁੰਗਾ ਤੋਂ ਭੱਜ ਕੇ ਮੋਜ਼ੰਬੀਕ ਟਾਪੂ ਜਾਣ ਦੀ ਕੋਸ਼ਿਸ਼ ਵਿਚ ਸੀ। ਹਾਲੀਆ ਦਿਨਾਂ ਵਿਚ ਹੈਜ਼ੇ ਕਰਕੇ ਖਿੱਤੇ ਦੇ ਵੱਡੀ ਗਿਣਤੀ ਲੋਕ ਬਿਮਾਰ ਹਨ।” ਇਕ ਹੋਰ ਨਿਊਜ਼ ਰਿਪੋਰਟ ਮੁਤਾਬਕ ਹੈਜ਼ਾ ਫੈਲਣ ਦੇ ਡਰੋਂ ਲੋਕ ਦਹਿਸ਼ਤ ਵਿਚ ਸਨ, ਜਿਸ ਕਰਕੇ ਬੇੜੀ ‘ਤੇ ਸਮਰੱਥਾ ਨਾਲੋਂ ਵੱਧ ਲੋਕ ਸਵਾਰ ਸਨ। ਇਸ ਬੇੜੀ ਨੂੰ ਆਮ ਕਰਕੇ ਮੱਛੀਆਂ ਫੜਨ ਲਈ ਵਰਤਿਆ ਜਾਂਦਾ ਸੀ। ਹਾਲੀਆ ਮਹੀਨਿਆਂ ਦੌਰਾਨ ਮੋਜ਼ੰਬੀਕ ਤੇ ਗੁਆਂਢੀ ਦੱਖਣ ਅਫ਼ਰੀਕੀ ਮੁਲਕਾਂ ਜ਼ਿੰਬਾਬਵੇ ਤੇ ਮਲਾਵੀ ਨੂੰ ਹੈਜ਼ੇ ਦੀ ਵੱਡੀ ਮਾਰ ਪਈ ਹੈ। ਮੋਜ਼ੰਬੀਕ ਦੇ ਕਈ ਇਲਾਕਿਆਂ ਵਿਚ ਸਿਰਫ਼ ਕਿਸ਼ਤੀਆਂ/ਬੇੜੀਆਂ ਰਾਹੀਂ ਹੀ ਪੁੱਜਿਆ ਜਾ ਸਕਦਾ ਹੈ। ਮੁਲਕ ‘ਚ ਸੜਕਾਂ ਦੇ ਨੈੱਟਵਰਕ ਦਾ ਬਹੁਤ ਬੁਰਾ ਹਾਲ ਹੈ ਤੇ ਕੁਝ ਇਲਾਕਿਆਂ ਵਿਚ ਸੜਕੀ ਜਾਂ ਹਵਾਈ ਰਸਤੇ ਪੁੱਜਣਾ ਮੁਸ਼ਕਲ ਹੈ।