#AMERICA

ਫੈਡਰਲ ਜੱਜ ਵੱਲੋਂ ਟਰੰਪ ਦੇ ਦੇਸ਼ ਨਿਕਾਲੇ ਸਬੰਧੀ ਕਾਨੂੰਨ ‘ਤੇ ਰੋਕ

ਵਾਸ਼ਿੰਗਟਨ, 17 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਨਿਕਾਲੇ ਨੂੰ ਤੇਜ਼ ਕਰਨ ਲਈ 18ਵੀਂ ਸਦੀ ਦੇ ਕਾਨੂੰਨ ਦੀ ਵਰਤੋਂ ਦਾ ਐਲਾਨ ਕੀਤਾ ਸੀ, ਪਰ ਕੁਝ ਘੰਟਿਆਂ ਬਾਅਦ ਹੀ ਇੱਕ ਸੰਘੀ ਅਦਾਲਤ ਦੇ ਜੱਜ ਨੇ ਟਰੰਪ ਪ੍ਰਸ਼ਾਸਨ ਨੂੰ ਇਸਨੂੰ ਲਾਗੂ ਕਰਨ ਤੋਂ ਰੋਕ ਦਿੱਤਾ। ਟਰੰਪ ਪ੍ਰਸ਼ਾਸਨ ਨੇ ਇਸ ਕਾਨੂੰਨ ਦੀ ਵਰਤੋਂ ਇਹ ਕਹਿੰਦੇ ਹੋਏ ਕੀਤੀ ਕਿ ਵੈਨੇਜ਼ੁਏਲਾ ਦਾ ਇੱਕ ਗਿਰੋਹ ਅਮਰੀਕਾ ‘ਤੇ ਹਮਲਾ ਕਰ ਰਿਹਾ ਹੈ ਅਤੇ ਪ੍ਰਸ਼ਾਸਨ ਕੋਲ ਆਪਣੇ ਮੈਂਬਰਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀਆਂ ਨਵੀਆਂ ਸ਼ਕਤੀਆਂ ਹਨ। ਕੋਲੰਬੀਆ ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਮੁੱਖ ਜੱਜ ਜੇਮਜ਼ ਈ. ਬੋਅਸਬਰਗ ਨੇ ਕਿਹਾ ਕਿ ਉਨ੍ਹਾਂ ਨੂੰ ਆਪਣਾ ਹੁਕਮ ਤੁਰੰਤ ਜਾਰੀ ਕਰਨ ਦੀ ਲੋੜ ਹੈ ਕਿਉਂਕਿ ਸਰਕਾਰ ਪਹਿਲਾਂ ਹੀ ਪ੍ਰਵਾਸੀਆਂ ਨੂੰ ਅਲ ਸਲਵਾਡੋਰ ਅਤੇ ਹੋਂਡੁਰਾਸ ਭੇਜ ਰਹੀ ਸੀ।
ਅਮਰੀਕੀ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਟਰੰਪ ਦੇ ਐਲਾਨ ਤਹਿਤ ਇਨ੍ਹਾਂ ਪ੍ਰਵਾਸੀਆਂ ਨੂੰ ਨਵੇਂ ਸਿਰੇ ਤੋਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਅਲ ਸਲਵਾਡੋਰ ਅਤੇ ਹੋਂਡੁਰਾਸ ਵਿਚ ਕੈਦ ਕੀਤਾ ਜਾਵੇਗਾ। ਐਲ ਸਲਵਾਡੋਰ ਇਸ ਹਫ਼ਤੇ 300 ਪ੍ਰਵਾਸੀਆਂ ਨੂੰ ਸਵੀਕਾਰ ਕਰਨ ਲਈ ਸਹਿਮਤ ਹੋਇਆ, ਜਿਨ੍ਹਾਂ ਨੂੰ ਟਰੰਪ ਪ੍ਰਸ਼ਾਸਨ ਨੇ ਗੈਂਗ ਮੈਂਬਰ ਵਜੋਂ ਨਾਮਜ਼ਦ ਕੀਤਾ ਹੈ। ਬੋਅਸਬਰਗ ਨੇ ਸ਼ਨੀਵਾਰ ਸ਼ਾਮ ਨੂੰ ਏ.ਸੀ.ਐੱਲ.ਯੂ. ਅਤੇ ਡੈਮੋਕਰੇਸੀ ਫਾਰਵਰਡ ਦੁਆਰਾ ਦਾਇਰ ਇੱਕ ਕੇਸ ਦੀ ਸੁਣਵਾਈ ਦੌਰਾਨ ਕਿਹਾ, ”ਮੈਨੂੰ ਨਹੀਂ ਲੱਗਦਾ ਕਿ ਮੈਂ ਹੋਰ ਇੰਤਜ਼ਾਰ ਕਰ ਸਕਦਾ ਹਾਂ ਅਤੇ ਮੈਨੂੰ ਕਾਰਵਾਈ ਕਰਨੀ ਪਵੇਗੀ।”
ਉਸ ਫੈਸਲੇ ਤੋਂ ਕੁਝ ਘੰਟੇ ਪਹਿਲਾਂ ਟਰੰਪ ਨੇ 1798 ਦੇ ਏਲੀਅਨ ਐਨੀਮੀਜ਼ ਐਕਸ ਐਕਟ ਦੀ ਵਰਤੋਂ ਕਰਕੇ ਦਾਅਵਾ ਕੀਤਾ ਕਿ ਵੈਨੇਜ਼ੁਏਲਾ ਦਾ ਗੈਂਗ ਟ੍ਰੇਨ ਡੀ ਅਰਾਗੁਆ ਸੰਯੁਕਤ ਰਾਜ ਅਮਰੀਕਾ ‘ਤੇ ਹਮਲਾ ਕਰ ਰਿਹਾ ਸੀ। ਇਹ ਐਕਟ ਰਾਸ਼ਟਰਪਤੀ ਨੂੰ ਵੱਡੇ ਪੱਧਰ ‘ਤੇ ਦੇਸ਼ ਨਿਕਾਲੇ ਨੂੰ ਤੇਜ਼ ਕਰਨ ਲਈ ਨੀਤੀ ਅਤੇ ਕਾਰਜਕਾਰੀ ਕਾਰਵਾਈ ਦੇ ਸੰਬੰਧ ਵਿਚ ਵਿਆਪਕ ਅਧਿਕਾਰ ਦਿੰਦਾ ਹੈ। ਇਹ ਐਕਟ ਅਮਰੀਕੀ ਇਤਿਹਾਸ ਵਿਚ ਸਿਰਫ਼ ਤਿੰਨ ਵਾਰ ਵਰਤਿਆ ਗਿਆ ਹੈ ਅਤੇ ਉਹ ਵੀ ਸਿਰਫ਼ ਯੁੱਧ ਸਮੇਂ। ਪਹਿਲਾਂ ਇਸ ਦੀ ਵਰਤੋਂ ਦੂਜੇ ਵਿਸ਼ਵ ਯੁੱਧ ਦੌਰਾਨ ਕੀਤੀ ਗਈ ਸੀ। ਉਸ ਸਮੇਂ ਇਸਦੀ ਵਰਤੋਂ ਜਰਮਨ ਅਤੇ ਇਟਾਲੀਅਨ ਲੋਕਾਂ ਨੂੰ ਕੈਦ ਕਰਨ ਦੇ ਨਾਲ ਹੀ ਜਾਪਾਨੀ-ਅਮਰੀਕੀ ਨਾਗਰਿਕਾਂ ਨੂੰ ਸਮੂਹਿਕ ਨਜ਼ਰਬੰਦ ਕਰਨ ਲਈ ਵੀ ਕੀਤੀ ਗਈ ਸੀ।