#AMERICA

ਫਿਲਾਡੈਲਫੀਆ ’ਚ ਜਨਮ ਦਿਨ ਪਾਰਟੀ ਮੌਕੇ ਚੱਲੀਆਂ ਗੋਲੀਆਂ ਨਾਲ ਇਕ ਮੌਤ 8 ਹੋਰ ਜ਼ਖਮੀ

ਸੈਕਰਾਮੈਂਟੋ, 22 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪੈਨਸਿਲਵਾਨੀਆ ਦੇ ਪੱਛਮੀ ਫਿਲਾਡੈਲਫੀਆ ਸ਼ਹਿਰ ’ਚ ਇਕ ਜਨਮ ਦਿਨ ਬਲਾਕ ਪਾਰਟੀ ਦੌਰਾਨ ਤੜਕਸਾਰ ਗੋਲੀ ਚੱਲ ਜਾਣ ਦੇ ਸਿੱਟੇ ਵਜੋਂ 9 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ| ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਗੋਲੀਬਾਰੀ ’ਚ ਇਕ 19 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ| ਜਿਸ ਦੇ ਚੇਹਰੇ ’ਤੇ ਸਰੀਰ ਉਪਰ ਗੋਲੀਆਂ ਵੱਜੀਆਂ ਹਨ| ਪੁਲਿਸ ਦਾ ਵਿਸ਼ਵਾਸ ਹੈ ਕਿ ਗੋਲੀਬਾਰੀ ਦੌਰਾਨ ਇਕ ਤੋਂ ਵਧ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ| ਇਹ ਘਟਨਾ ਅੱਧੀ ਰਾਤ ਤੋਂ ਬਾਅਦ 1.30 ਵਜੇ ਤੜਕਸਾਰ ਵਾਪਰੀ| ਫਿਲਾਡੈਲਫੀਆ ਪੁਲਿਸ ਦੇ ਇਕ ਬੁਲਾਰੇ ਅਨੁਸਾਰ ਸੂਚਨਾ ਮਿਲਣ ’ਤੇ ਜਦੋਂ ਪੁਲਿਸ ਅਫਸਰ ਮੌਕੇ ਉਪਰ ਪੁੱਜੇ, ਤਾਂ ਉਥੇ ਭਾਰੀ ਭੀੜ ਮੌਜੂਦ ਸੀ ਤੇ ਪੀੜਤਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ| ਬੁਲਾਰੇ ਅਨੁਸਾਰ ਅਜੇ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ ਤੇ ਨਾ ਹੀ ਗੋਲੀ ਚੱਲਣ ਦਾ ਕਾਰਨ ਸਪੱਸ਼ਟ ਹੋ ਸਕਿਆ ਹੈ| ਨਾ ਹੀ ਇਹ ਪਤਾ ਲੱਗ ਸਕਿਆ ਹੈ ਕਿ ਗੋਲੀ ਚਲਾਉਣ ਵਾਲੇ ਕਿੰਨੇ ਸਨ| ਪੁਲਿਸ ਅਨੁਸਾਰ ਮੌਕੇ ਤੋਂ 4 ਦਰਜਨ ਤੋਂ ਵਧ ਕਾਰਤੂਸਾਂ ਦੇ ਖੋਲ ਬਰਾਮਦ ਹੋਏ ਹਨ| 8 ਪੀੜਤ ਜਿਨ੍ਹਾਂ ਵਿਚ 5 ਔਰਤਾਂ, 2 ਲੜਕੀਆਂ ਤੇ 1 ਵਿਅਕਤੀ ਸ਼ਾਮਲ ਹੈ, ਜ਼ੇਰੇ ਇਲਾਜ ਹਨ| ਮੌਕੇ ਉਪਰ ਮੌਜੂਦ ਲੋਕਾਂ ਅਨੁਸਾਰ ਗੋਲੀਆਂ ਚੱਲਣ ਉਪਰੰਤ ਪਾਰਟੀ ਵਿਚ ਹਫੜਾ-ਦਫੜੀ ਮੱਚ ਗਈ ਤੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਇਧਰ-ਉਧਰ ਭੱਜ ਗਏ| ਇਸ ਦੌਰਾਨ ਵੀ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਰਿਪਰੋਟ ਹੈ|

 

Leave a comment