#PUNJAB

ਫਿਰੋਜ਼ਪੁਰ ਦੇ ਤੀਹਰੇ ਕਤਲ ਕਾਂਡ ਵਿਚ ਸ਼ਾਮਲ 6 ਸ਼ੂਟਰ ਔਰੰਗਾਬਾਦ ਪੁਲਿਸ ਵੱਲੋਂ ਗ੍ਰਿਫ਼ਤਾਰ

ਔਰੰਗਾਬਾਦ (ਮਹਾਤਰਾਬਾਦ), 7 ਸਤੰਬਰ (ਪੰਜਾਬ ਮੇਲ)- ਬੀਤੀ ਰਾਤ ਕੀਤੀ ਕਾਰਵਾਈ ਦੌਰਾਨ ਮਹਾਰਾਸ਼ਟਰ ਦੇ ਛਤਰਪਤੀ ਸ਼ੰਭਾਜੀ ਨਗਰ ਔਰੰਗਾਬਾਦ ਸਿਟੀ ਪੁਲਿਸ ਨੇ ਹਾਲ ਹੀ ਵਿਚ ਫਿਰੋਜ਼ਪੁਰ ਤੀਹਰੇ ਕਤਲ ਕਾਂਡ ਵਿਚ ਸ਼ਾਮਲ ਛੇ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਨਾਗਪੁਰ-ਮੁੰਬਈ ਸਮ੍ਰਿੱਧੀ ਸੁਪਰ ਐਕਸਪ੍ਰੈੱਸ ਵੇਅ ‘ਤੇ ਭੱਜਣ ਦੀ ਕੋਸ਼ਿਸ਼ ਦੌਰਾਨ ਕਾਬੂ ਕੀਤਾ ਗਿਆ।
ਪੁਲਿਸ ਕਮਿਸ਼ਨਰ ਪ੍ਰਵੀਨ ਪਵਾਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਸਿਟੀ ਪੁਲਿਸ ਨੇ ਸਫਲਤਾਪੂਰਵਕ ਕਾਰਵਾਈ ਕਰਦਿਆਂ ਡਰਾਈਵਰ ਸਮੇਤ ਕੁੱਲ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਸ਼ੂਟਰਾਂ ਦੀ ਪਛਾਣ ਰਵਿੰਦਰ ਸਿੰਘ ਉਰਫ ਰਵੀ, ਸੁਖਚੈਨ ਸਿੰਘ, ਅਕਸ਼ੈ ਕੁਮਾਰ ਉਰਫ ਬੱਚਾ, ਦਲੇਰ ਸਿੰਘ, ਗੁਰਪ੍ਰੀਤ ਸਿੰਘ ਅਤੇ ਪ੍ਰਿੰਸ ਸਾਰੇ ਵਾਸੀ ਪੰਜਾਬ ਵਜੋਂ ਹੋਈ ਹੈ। ਗੱਡੀ ਦੇ ਡਰਾਈਵਰ ਦੀ ਪਛਾਣ ਨਾਂਦੇੜ ਦੇ ਰਹਿਣ ਵਾਲੇ ਗਜੇਂਦਰ ਸ਼੍ਰੀਰਾਮ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਵਿਚ ਵਾਪਰੀ ਵੱਡੀ ਘਟਨਾ ‘ਚ ਮੰਗਲਵਾਰ ਦੁਪਹਿਰੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਨੇੜੇ ਹਮਲਾਵਰਾਂ ਨੇ 36 ਗੋਲੀਆਂ ਚਲਾਈਆਂ ਸੀ। ਇਸ ਹਮਲੇ ਵਿਚ ਜਸਪ੍ਰੀਤ ਕੌਰ (22) ਜਿਸ ਦਾ ਵਿਆਹ ਧਰਿਆ ਹੋਇਆ ਸੀ, ਉਸ ਦੇ ਚਚੇਰੇ ਭਰਾ ਦਿਲਦੀਪ ਸਿੰਘ (32) ਅਤੇ ਇੱਕ ਜਾਣਕਾਰ ਅਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਸੀ। ਇਸ ਉਪਰੰਤ ਪੁਲਿਸ ਵੱਲੋਂ ਹਮਲਾਵਰਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ।