#PUNJAB

ਫਿਰੋਜ਼ਪੁਰ ਦੇ ਗੁਰੂਘਰ ‘ਚ ਹੋਈ ਬੇਅਦਬੀ ਦੀ ਘਟਨਾ, ਸੰਗਤਾਂ ਨੇ ਦੋਸ਼ੀ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਮੱਲਾਂਵਾਲਾ, 4 ਮਈ (ਪੰਜਾਬ ਮੇਲ)- ਮੱਲਾਂਵਾਲਾ ਤੋਂ ਥੋੜ੍ਹੀ ਦੂਰ ਪਿੰਡ ਬੰਡਾਲਾ ਵਿਖੇ ਇੱਕ ਸਿਰਫਿਰੇ ਵਿਅਕਤੀ ਵੱਲੋਂ ਇੱਕ ਗੁਰਦੁਆਰਾ ਸਾਹਿਬ ‘ਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਪਾੜ ਕੇ ਬੇਅਦਬੀ ਕਰਨ ਦੀ ਸੂਚਨਾ ਮਿਲੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੁਪਿਹਰ 2:30 ਵਜੇ ਦੇ ਕਰੀਬ ਇੱਕ ਵਿਅਕਤੀ ਪਿੰਡ ਬੰਡਾਲਾ ਦੇ ਬਾਬਾ ਵੀਰ ਸਿੰਘ ਜੀ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਇਆ ਅਤੇ ਉਸ ਨੇ ਤਖ਼ਤ ‘ਤੇ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਪਾੜ ਦਿੱਤੇ।
ਮਿਲੀ ਜਾਣਕਾਰੀ ਆਨੁਸਾਰ ਉਕਤ ਵਿਅਕਤੀ ਜਦੋਂ ਭੱਜਣ ਲੱਗਾ, ਤਾਂ ਉਸ ਸੰਗਤਾਂ ਨੇ ਕਾਬੂ ਕਰ ਲਿਆ। ਮੌਕੇ ‘ਤੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਇਕੱਠੀਆਂ ਹੋ ਗਈਆਂ ਅਤੇ ਉਨ੍ਹਾਂ ਨੇ ਉਕਤ ਵਿਆਕਤੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਵਿਅਕਤੀ ਦੀ ਪਹਿਚਾਣ ਬਖਸ਼ੀਸ਼ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਤੱਲੀ ਗੁਲਾਮ ਵਜ਼ੋਂ ਹੋਈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਪੀ.ਡੀ. ਰਣਧੀਰ ਕੁਮਾਰ, ਬਲਰਾਜ ਸਿੰਘ ਐੱਸ.ਐੱਚ.ਓ. ਥਾਣਾ ਆਰਿਫ, ਗੁਰਿਵੰਦਰ ਕੁਮਾਰ ਐੱਸ.ਐੱਚ.ਓ. ਥਾਣਾ ਮੱਲਾਂਵਾਲਾ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ।
ਇਸ ਮੌਕੇ ਪਹੁੰਚੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਭਾਈ ਲਖਬੀਰ ਸਿੰਘ ਮਹਾਲਮ, ਭਾਈ ਬਲਕਾਰ ਸਿੰਘ ਇਲਮੇਵਾਲਾ, ਗੁਰਭੇਜ ਸਿੰਘ ਜੈਮਲ ਵਾਲਾ, ਸਾਹਬ ਸਿੰਘ ਬੰਡਾਲਾ, ਬਚਿੱਤਰ ਸਿੰਘ ਜੈਮਲ ਵਾਲਾ, ਤਜਿੰਦਰ ਸਿੰਘ ਬੰਡਾਲਾ, ਬਲਵਿੰਦਰ ਸਿੰਘ ਮਿੱਡੂ ਵਾਲਾ, ਬਲਵਿੰਦਰ ਸਿੰਘ ਜੈਮਲ ਵਾਲਾ ਆਦਿ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਬੇਅਦਬੀ ਦੀ ਘਟਨਾ ਦੀ ਮੁਕੰਮਲ ਜਾਂਚ ਕੀਤੀ ਜਾਵੇ ਅਤੇ ਸਾਜ਼ਿਸ਼ ਰਚਣ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਪੁਲਸ ਅਧਿਕਾਰੀਆਂ ਵੱਲੋਂ ਸਿੱਖ ਸੰਗਤਾਂ ਨੂੰ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਗਿਆ ਹੈ।