#PUNJAB

ਫ਼ਰਜ਼ੀ ਪੁਲਿਸ ਮੁਕਾਬਲਾ: ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵੱਲੋਂ ਸਾਬਕਾ ਡੀ.ਆਈ.ਜੀ. ਨੂੰ ਸੱਤ ਸਾਲ ਤੇ ਡੀ.ਐੱਸ.ਪੀ. ਨੂੰ ਉਮਰ ਕੈਦ ਦੀ ਸਜ਼ਾ

-3 ਦਹਾਕੇ ਪੁਰਾਣੇ ‘ਚ ਦਿੱਤਾ ਦੋਸ਼ੀ ਕਰਾਰ
ਐੱਸ.ਏ.ਐੱਸ. ਨਗਰ (ਮੁਹਾਲੀ), 8 ਜੂਨ (ਪੰਜਾਬ ਮੇਲ)- ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਫ਼ਰਜ਼ੀ ਪੁਲੀਸ ਮੁਕਾਬਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਦੇ ਡੀਆਈਜੀ (ਸੇਵਾਮੁਕਤ) ਦਿਲਬਾਗ ਸਿੰਘ ਅਤੇ ਡੀ.ਐੱਸ.ਪੀ. ਗੁਰਬਚਨ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਸਾਬਕਾ ਡੀ.ਆਈ.ਜੀ. ਦਿਲਬਾਗ ਸਿੰਘ ਨੂੰ ਧਾਰਾ 364 ਤਹਿਤ ਸੱਤ ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨੇ ਦੀ ਰਾਸ਼ੀ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਉਨ੍ਹਾਂ ਨੂੰ ਨੌਂ ਮਹੀਨੇ ਵਾਧੂ ਸਜ਼ਾ ਭੁਗਤਣੀ ਪਵੇਗੀ। ਸਾਬਕਾ ਡੀ.ਐੱਸ.ਪੀ. ਗੁਰਬਚਨ ਸਿੰਘ ਨੂੰ ਧਾਰਾ 302 ਤਹਿਤ ਉਮਰ ਕੈਦ ਦੀ ਸਜ਼ਾ ਅਤੇ ਦੋ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਦੋਸ਼ੀ ਪੁਲਿਸ ਅਫ਼ਸਰਾਂ ਨੂੰ ਬੀਤੇ ਦਿਨੀਂ ਦੋਸ਼ੀ ਕਰਾਰ ਦੇਣ ਮਗਰੋਂ ਕੋਰਟ ਰੂਮ ‘ਚੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਹਿਲਾਂ ਉਹ ਜ਼ਮਾਨਤ ‘ਤੇ ਸਨ। ਇਸ ਕੇਸ ਵਿਚ ਨਾਮਜ਼ਦ ਤਿੰਨ ਪੁਲਿਸ ਮੁਲਾਜ਼ਮਾਂ ਅਰਜੁਨ ਸਿੰਘ, ਦਵਿੰਦਰ ਸਿੰਘ ਅਤੇ ਬਲਬੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਕੇਸ ਦੀ ਪੈਰਵੀ ਕਰ ਰਹੇ ਵਕੀਲ ਸਰਬਜੀਤ ਸਿੰਘ ਵੇਰਕਾ, ਪੁਸ਼ਪਿੰਦਰ ਸਿੰਘ ਨੱਤ ਅਤੇ ਜਗਜੀਤ ਸਿੰਘ ਬਾਜਵਾ ਨੇ ਦੱਸਿਆ ਕਿ 22 ਜੂਨ 1993 ਨੂੰ ਤਰਨ ਤਾਰਨ ਪੁਲਿਸ ਨੇ ਜੰਡਿਆਲਾ ਰੋਡ ਤਰਨ ਤਾਰਨ ਤੋਂ ਹਿੰਦੂ ਪਰਿਵਾਰ ਨਾਲ ਸਬੰਧਤ ਚਮਨ ਲਾਲ ਅਤੇ ਉਸ ਦੇ ਤਿੰਨ ਪੁੱਤਰਾਂ ਗੁਲਸ਼ਨ ਕੁਮਾਰ, ਪ੍ਰਵੀਨ ਕੁਮਾਰ ਅਤੇ ਬੌਬੀ ਨੂੰ ਘਰੋਂ ਚੁੱਕ ਕੇ ਤਰਨ ਤਾਰਨ ਸਿਟੀ ਥਾਣਾ ਦੀ ਨਾਜਾਇਜ਼ ਹਿਰਾਸਤ ਵਿਚ ਰੱਖਿਆ ਗਿਆ। ਤਿੰਨ ਦਿਨਾਂ ਬਾਅਦ 26 ਜੂਨ ਨੂੰ ਚਮਨ ਲਾਲ ਅਤੇ ਉਸ ਦੇ ਦੋ ਪੁੱਤਰਾਂ ਪ੍ਰਵੀਨ ਕੁਮਾਰ ਤੇ ਬੌਬੀ ਕੁਮਾਰ ਨੂੰ ਰਿਹਾਅ ਕਰ ਦਿੱਤਾ ਪਰ ਗੁਲਸ਼ਨ ਕੁਮਾਰ ਨੂੰ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ। ਕਰੀਬ ਮਹੀਨੇ ਬਾਅਦ 26 ਜੁਲਾਈ, 1993 ਨੂੰ ਪੁਲਿਸ ਨੇ ਫ਼ਰਜ਼ੀ ਪੁਲਿਸ ਮੁਕਾਬਲੇ ਵਿਚ ਗੁਲਸ਼ਨ ਕੁਮਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਪਰਿਵਾਰ ਨੂੰ ਉਸ ਦੀ ਲਾਸ਼ ਤੱਕ ਨਹੀਂ ਦਿੱਤੀ। ਗੁਲਸ਼ਨ ਦੇ ਛੋਟੇ ਭਰਾ ਬੌਬੀ ਕੁਮਾਰ ਨੇ ਦੱਸਿਆ ਕਿ ਗੁਲਸ਼ਨ ਘਰ ਦੇ ਗੁਜ਼ਾਰੇ ਲਈ ਸਬਜ਼ੀ ਵੇਚ ਕੇ ਮਾਪਿਆਂ ਦਾ ਹੱਥ ਵਟਾਉਂਦਾ ਸੀ ਅਤੇ ਉਹ ਬਹੁਤ ਸਾਊ ਅਤੇ ਕਮਾਊ ਪੁੱਤ ਸੀ ਪਰ ਪੁਲਿਸ ਨੇ ਜ਼ਬਰਦਸਤੀ ਘਰੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ। ਇਹੀ ਨਹੀਂ ਉਹ ਗੁਲਸ਼ਨ ਦਾ ਸਸਕਾਰ ਵੀ ਨਹੀਂ ਕਰ ਸਕੇ। ਪੁਲਿਸ ਨੇ ਚੁੱਪ-ਚੁਪੀਤੇ ਖ਼ੁਦ ਹੀ ਸਸਕਾਰ ਕਰ ਦਿੱਤਾ ਸੀ।
ਬੌਬੀ ਨੇ ਦੱਸਿਆ ਕਿ ਉਸ ਦੇ ਪਿਤਾ ਚਮਨ ਲਾਲ ਦੀ ਸ਼ਿਕਾਇਤ ‘ਤੇ ਸੁਣਵਾਈ ਕਰਦਿਆਂ ਉੱਚ ਅਦਾਲਤ ਨੇ ਇਸ ਕੇਸ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਸੀ। ਮੁੱਢਲੀ ਜਾਂਚ ਤੋਂ ਬਾਅਦ ਸੀ.ਬੀ.ਆਈ. ਨੇ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਖ਼ਿਲਾਫ਼ ਧਾਰਾ 302, 364, 201, 218, 34 ਅਤੇ 120ਬੀ ਤਹਿਤ ਪਰਚਾ ਦਰਜ ਕੀਤਾ। ਇਸ ਕੇਸ ਦੀ ਸੁਣਵਾਈ ਮੁਹਾਲੀ ਸਥਿਤ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਰਾਕੇਸ਼ ਗੁਪਤਾ ਦੀ ਅਦਾਲਤ ਵਿਚ ਚੱਲ ਰਹੀ ਸੀ।
ਫ਼ੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਵਾਂਗਾ: ਸੇਵਾਮੁਕਤ ਡੀ.ਆਈ.ਜੀ.
ਸਾਬਕਾ ਡੀ.ਆਈ.ਜੀ. ਦਿਲਬਾਗ ਸਿੰਘ ਨੇ ਅਦਾਲਤ ਵਿਚੋਂ ਬਾਹਰ ਆਉਂਦਿਆਂ ਕਿਹਾ ਕਿ ਸੀ.ਬੀ.ਆਈ. ਅਦਾਲਤ ਦੇ ਤਾਜ਼ਾ ਫ਼ੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਜਾਵੇਗੀ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚੋਂ ਅੱਤਵਾਦ ਖ਼ਤਮ ਕਰਨ ਲਈ ਪੁਲਿਸ ਵੱਲੋਂ ਹਮੇਸ਼ਾ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਅਮਲ ਵਿਚ ਲਿਆਂਦਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ 1988 ਵਿਚ ਪੰਜਾਬ ਵਿਚ ਜਦੋਂ ਅੱਤਵਾਦ ਸਿਖਰ ‘ਤੇ ਸੀ, ਤਾਂ ਉਦੋਂ ਪੁਲਿਸ ਨੂੰ ਇਹ ਸਖ਼ਤ ਹਦਾਇਤਾਂ ਸਨ ਕਿ ਜਿਵੇਂ ਮਰਜ਼ੀ ਪੰਜਾਬ ‘ਚੋਂ ਅੱਤਵਾਦ ਦਾ ਖ਼ਾਤਮਾ ਕੀਤਾ ਜਾਵੇ। ਜਦੋਂ ਸਾਬਕਾ ਅਧਿਕਾਰੀ ਨੂੰ ਗੁਲਸ਼ਨ ਕੁਮਾਰ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ