#AMERICA

ਫਲੋਰਿਡਾ ਰਾਜ ਦੇ ਇਕ ਮਾਲ ਵਿਚ ਹੋਈ ਗੋਲੀਬਾਰੀ ਵਿੱਚ 1 ਮੌਤ ਤੇ 1 ਜ਼ਖਮੀ, ਸ਼ੱਕੀ ਦੇ ਗ੍ਰਿਫਤਾਰੀ ਵਾਰੰਟ ਜਾਰੀ

ਸੈਕਰਾਮੈਂਟੋ,ਕੈਲੀਫੋਰਨੀਆ, 30 ਦਸੰਬਰ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਫਲੋਰਿਡਾ ਰਾਜ ਵਿਚ ਓਕਾਲਾ ਮਾਲ ਦੇ ਅੰਦਰ ਇਕ ਹਮਲਾਵਰ ਵੱਲੋਂ ਕੀਤੀ ਫਾਇਰਿੰਗ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਤੇ ਇਕ ਹੋਰ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਸ਼ੱਕੀ ਹਮਲਾਵਰ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਓਕਾਲਾ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸ਼ੱਕੀ 39 ਸਾਲਾ ਅਲਬਰਟ ਜੇ ਸ਼ੈਲ ਜੁਨੀਅਰ ਦੇ ਵਿਰੁੱਧ ਸੋਚੀ ਸਮਝੀ ਯੋਜਨਾ ਤਹਿਤ ਪਹਿਲਾ ਦਰਜਾ ਹੱਤਿਆ ਕਰਨ ਤੇ ਹੱਤਿਆ ਦੀ ਕੋਸ਼ਸ਼ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਪੁਲਿਸ ਨੇ ਸ਼ੱਕੀ ਦੀ ਸੂਹ ਦੇਣ ਵਾਲੇ ਨੂੰ 5000 ਡਾਲਰ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ। ਓਕਾਲਾ ਪੁਲਿਸ ਮੁੱਖੀ ਮਾਈਕ ਬਲਕੇਨ ਨੇ ਕਿਹਾ ਕਿ ਪੁਲਿਸ ਦਾ ਵਿਸ਼ਵਾਸ਼ ਹੈ ਕਿ ਗੋਲੀਬਾਰੀ ਯੋਜਨਾਬੱਧ ਹਿੰਸਾ ਦੀ ਕਾਰਵਾਈ ਦਾ ਸਿੱਟਾ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਡੇਵਿਡ ਨਥੀਨੀਅਲ ਬਰੋਨ (40) ਵਜੋਂ ਹੋਈ ਹੈ ਜੋ ਗੋਲੀਆਂ ਦੇ ਜ਼ਖਮਾਂ ਕਾਰਨ ਮਾਲ ਅੰਦਰ ਮ੍ਰਿਤਕ ਹਾਲਤ ਵਿਚ ਮਿਲਿਆ। ਦੂਸਰਾ ਜ਼ਖਮੀ ਇਕ ਔਰਤ ਹੈ ਜਿਸ ਦੀ ਲੱਤ ਵਿਚ ਗੋਲੀ ਵੱਜੀ ਹੈ। ਉਸ ਦੇ ਬਚ ਜਾਣ ਦੀ ਆਸ ਹੈ। ਪੁਲਿਸ ਅਨੁਸਾਰ ਸ਼ੱਕੀ ਇਕ ਕਾਲਾ ਵਿਅਕਤੀ ਹੈ, ਜੋ ਗੋਲੀਬਾਰੀ ਉਪਰੰਤ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ।