#AMERICA

ਫਲੋਰਿਡਾ ’ਚ ਡੁੱਬ ਰਹੀ ਕਿਸ਼ਤੀ ਵਿਚੋਂ 34 ਪ੍ਰਵਾਸੀਆਂ ਨੂੰ ਅਮਰੀਕੀ ਤੱਟੀ ਜਵਾਨਾਂ ਨੇ ਬਚਾਇਆ

* ਪ੍ਰਵਾਸੀਆਂ ਨੂੰ ਭੇਜਿਆ ਜਾਵੇਗਾ ਵਾਪਸ
ਸੈਕਰਾਮੈਂਟੋ, 15 ਨਵੰਬਰ (ਹੁਸਨ ਲੜੋਆ ਬੰਗਾ)- ਅਮਰੀਕਾ ’ਚ ਸਮੁੰਦਰੀ ਰਸਤੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 34 ਪ੍ਰਵਾਸੀਆਂ ਨੂੰ ਯੂ.ਐੱਸ. ਕੋਸਟ ਗਾਰਡ ਵੱਲੋਂ ਉਸ ਵੇਲੇ ਤੁਰੰਤ ਕਾਰਵਾਈ ਕਰਕੇ ਬਚਾ ਲਏ ਜਾਣ ਦੀ ਖਬਰ ਹੈ, ਜਦੋਂ ਉਨਾਂ ਦੀ ਕਿਸ਼ਤੀ ਫਲੋਰਿਡਾ ਦੇ ਪਾਣੀਆਂ ਵਿਚ ਡੁੱਬਣ ਵਾਲੀ ਸੀ। ਯੂ.ਐੱਸ. ਕੋਸਟ ਗਾਰਡ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਘਟਨਾ ਪ੍ਰਮੁੱਖ ਕੋਲੋਨੀ ਬੀਚ ਦੇ ਦੱਖਣ ਵਿਚ ਤਕਰੀਬਨ 8 ਮੀਲ ਦੂਰ ਵਾਪਰੀ। ‘ਮੇਨ ਅਟਰੈਕਸ਼ਨ ਸਪੋਰਟਫਿਸ਼ਿੰਗ ਚਾਰਟਰਜ’ ਦੇ ਸਹਿ ਮਾਲਕ ਕੇਟੀ ਲੇਵਿਸ ਅਨੁਸਾਰ ਕੈਪਟਨ ਮਾਰਟੀ ਲੈਵਿਸ ਨੇ ਤੁਰੰਤ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ। ਜਿਸ ਉਪਰੰਤ ਅਮਰੀਕੀ ਤੱਟੀ ਜਵਾਨਾਂ ਨੇ ਸਾਰੇ 34 ਪ੍ਰਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਉਪਰੰਤ ਉਨ੍ਹਾਂ ਨੂੰ ਭੋਜਨ, ਪਾਣੀ ਤੇ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ। ਕੋਸਟ ਗਾਰਡ ਅਨੁਸਾਰ ਸਾਰੇ ਪ੍ਰਵਾਸੀ ਠੀਕ ਠਾਕ ਹਨ ਤੇ ਕਿਸੇ ਦੇ ਵੀ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਕੋਸਟ ਗਾਰਡ ਅਧਿਕਾਰੀਆਂ ਨੇ ਕਿਹਾ ਹੈ ਕਿ ਪ੍ਰਵਾਸੀਆਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿਸ ਉਪਰੰਤ ਉਨ੍ਹਾਂ ਨੂੰ ਉਨ੍ਹਾਂ ਦੇ ਮੂਲ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ। ਇਨ੍ਹਾਂ ਪ੍ਰਵਾਸੀਆਂ ਵਿਚ ਕਿਸੇ ਭਾਰਤੀ ਦੇ ਸ਼ਾਮਲ ਹੋਣ ਦੀ ਪੁਸ਼ਟੀ ਨਹੀਂ ਹੋ ਸਕੀ।