#AMERICA

ਫਲੋਰਿਡਾ ‘ਚ ਛੋਟਾ ਜਹਾਜ਼ ਉਡਾਣ ਭਰਨ ਦੇ ਤੁੰਰਤ ਬਾਅਦ ਜ਼ਮੀਨ ਉਪਰ ਡਿੱਗਾ

ਪਾਇਲਟ ਸਮੇਤ ਸਾਰੇ 3 ਯਾਤਰੀਆਂ ਦੀ ਮੌਤ
ਸੈਕਰਾਮੈਂਟੋ, 14 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊਯਾਰਕ ‘ਚ ਹਡਸਨ ਦਰਿਆ ਵਿਚ ਡਿੱਗ ਕੇ ਇਕ ਜਹਾਜ਼ ਦੇ ਤਬਾਹ ਹੋ ਜਾਣ ਦੇ ਇਕ ਦਿਨ ਬਾਅਦ ਇਕ ਹੋਰ ਛੋਟਾ ਜਹਾਜ਼ ਤਬਾਹ ਹੋ ਕੇ ਜ਼ਮੀਨ ਉਪਰ ਡਿੱਗ ਜਾਣ ਦੀ ਖਬਰ ਹੈ, ਜਿਸ ਵਿਚ ਸਵਾਰ ਪਾਇਲਟ ਸਮੇਤ ਸਾਰੇ 3 ਯਾਤਰੀ ਮਾਰੇ ਗਏ। ਜਹਾਜ਼ ਬੋਕਾ ਰੈਟਨ, ਫਲੋਰਿਡਾ ਵਿਚ ਉਡਾਨ ਭਰਨ ਤੋਂ ਕੁਝ ਮਿੰਟਾਂ ਬਾਅਦ ਜ਼ਮੀਨ ਉਪਰ ਡਿੱਗ ਗਿਆ। ਸੰਘੀ ਹਵਬਾਜ਼ੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੁੱਢਲੀ ਰਿਪੋਰਟ ਅਨੁਸਾਰ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 10.20 ਵਜੇ ਦੇ ਆਸਪਾਸ ਵਾਪਰੀ ਹੈ। ਬੋਕਾ ਰੈਟਨ ਹਵਾਈ ਅੱਡੇ ਤੋਂ ਟੈਲਾਹਸੀ ਲਈ ਉਡਾਨ ਭਰਨ ਤੋਂ ਬਾਅਦ ਤਕਰੀਬਨ ਇਕ ਮੀਲ ਦੀ ਦੂਰੀ ‘ਤੇ ਇੰਜਣ ਵਿਚ ਆਈ ਅਚਾਨਕ ਖਰਾਬੀ ਕਾਰਨ ਜਹਾਜ਼ ਡਾਵਾਂਡੋਲ ਹੋ ਗਿਆ। ਬੋਕਾ ਰੈਟਨ ਅਸਿਸਟੈਂਟ ਫਾਇਰ ਚੀਫ ਮੀਚੇਲ ਲਾਸਾਲ ਨੇ ਕਿਹਾ ਹੈ ਕਿ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ‘ਚ ਜ਼ਮੀਨ ਉਪਰ ਆਪਣੀ ਕਾਰ ਵਿਚ ਜਾ ਰਿਹਾ ਇਕ ਵਿਅਕਤੀ ਵੀ ਜ਼ਖਮੀ ਹੋਇਆ ਹੈ। ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ ਪਰੰਤੂ ਉਸ ਦੇ ਜ਼ਖਮ ਜਾਨਲੇਵਾ ਨਹੀਂ ਹਨ ਤੇ ਉਸ ਦੀ ਹਾਲਤ ਠੀਕ ਹੈ। ਜਹਾਜ਼ ਨੇ 10.13 ਵਜੇ ਉਡਾਣ ਭਰਨ ਤੋਂ ਬਾਅਦ ਕੁਝ ਮਿੰਟਾਂ ਲਈ ਹਵਾਈ ਅੱਡੇ ਉਪਰ ਚੱਕਰ ਲਾਇਆ ਤੇ ਬਾਅਦ ਵਿਚ ਰਾਡਾਰ ਵਿਚੋਂ ਗਾਇਬ ਹੋ ਗਿਆ। ਇਕ ਸੰਘੀ ਹਵਾਬਾਜ਼ੀ ਅਧਿਕਾਰੀ ਅਨੁਸਾਰ ਤਬਾਹ ਹੋਇਆ ਜਹਾਜ਼ 6 ਸੀਟਾਂ ਵਾਲਾ ਦੋ ਇੰਜਣਾਂ ਵਾਲਾ ਸੈਸਨਾ ਸੀ 310 ਜਹਾਜ਼ ਸੀ। ਇਸ ਸਬੰਧੀ ਅਧਿਕਾਰੀ ਨੇ ਹੋਰ ਕੋਈ ਵੇਰਵਾ ਨਹੀਂ ਦੱਸਿਆ ਹੈ ਤੇ ਨਾ ਹੀ ਘਟਨਾ ਵਿਚ ਮਾਰੇ ਗਏ ਵਿਅਕਤੀਆਂ ਦੇ ਨਾਂ ਜਾਰੀ ਕੀਤੇ ਹਨ।