ਸਿਡਨੀ, 22 ਦਸੰਬਰ (ਪੰਜਾਬ ਮੇਲ)- ਆਸਟਰੇਲੀਆਈ ਬੱਲੇਬਾਜ਼ ਉਸਮਾਨ ਖਵਾਜਾ ਨੂੰ ਗਾਜ਼ਾ ‘ਚ ਫਲਸਤੀਨੀਆਂ ਦੇ ਸਮਰਥਨ ‘ਚ ਪਾਕਿਸਤਾਨ ਖ਼ਿਲਾਫ਼ ਪਹਿਲੇ ਟੈਸਟ ਦੌਰਾਨ ਬਾਂਹ ‘ਤੇ ਕਾਲੀ ਪੱਟੀ ਬੰਨ੍ਹਣ ‘ਤੇ ਆਈ.ਸੀ.ਸੀ. ਨੇ ਝਾੜ ਪਾਈ ਹੈ। ਆਈ.ਸੀ.ਸੀ. ਦੇ ਨਿਯਮਾਂ ਦੇ ਤਹਿਤ ਕ੍ਰਿਕਟਰ ਅੰਤਰਰਾਸ਼ਟਰੀ ਮੈਚਾਂ ਦੌਰਾਨ ਕੋਈ ਸਿਆਸੀ, ਧਾਰਮਿਕ ਜਾਂ ਨਸਲੀ ਸੰਦੇਸ਼ ਨਹੀਂ ਦਿਖਾ ਸਕਦੇ। ਪਾਕਿਸਤਾਨ ਵਿਚ ਜਨਮੇ ਖਵਾਜਾ ਆਸਟਰੇਲੀਆ ਲਈ ਟੈਸਟ ਖੇਡਣ ਵਾਲੇ ਪਹਿਲੇ ਮੁਸਲਿਮ ਕ੍ਰਿਕਟਰ ਹਨ। ਆਈ.ਸੀ.ਸੀ. ਦੇ ਬੁਲਾਰੇ ਨੇ ਕਿਹਾ, ‘ਉਸਮਾਨ ਨੇ ਕ੍ਰਿਕਟ ਆਸਟਰੇਲੀਆ ਅਤੇ ਆਈ.ਸੀ.ਸੀ. ਤੋਂ ਇਜਾਜ਼ਤ ਲਏ ਬਿਨਾਂ ਪਾਕਿਸਤਾਨ ਦੇ ਖ਼ਿਲਾਫ਼ ਪਹਿਲੇ ਮੈਚ ਵਿਚ ਨਿੱਜੀ ਸੰਦੇਸ਼ (ਬਾਂਹ ‘ਤੇ ਕਾਲੀ ਪੱਟੀ) ਦਿੱਤਾ ਸੀ। ਉਸ ਨੂੰ ਉਸ ਦੇ ਪਹਿਲੇ ਅਪਰਾਧ ਲਈ ਝਾੜ ਪਾਈ ਗਈ ਹੈ ਤੇ ਮੁੜ ਕਰਨ ‘ਤੇ ਸਜ਼ਾ ਦਿੱਤੀ ਜਾਵੇਗੀ।