#PUNJAB

ਫਰੀਦਕੋਟ ਲੋਕ ਸਭਾ ਹਲਕੇ ‘ਚ ਦਿਲਚਸਪ ਹੋਵੇਗਾ ਮੁਕਾਬਲਾ

-ਕਾਂਗਰਸ ਵੱਲੋਂ ਅਮਰਜੀਤ ਕੌਰ ਸਾਹੋਕੇ ਚੋਣ ਮੈਦਾਨ ‘ਚ
ਫਰੀਦਕੋਟ, 24 ਅਪ੍ਰੈਲ (ਪੰਜਾਬ ਮੇਲ)- ਇਸ ਲੋਕ ਸਭਾ ਹਲਕੇ ਵਿਚ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਕਾਂਗਰਸ ਨੇ ਥੋੜ੍ਹੀ ਦੇਰ ਨਾਲ ਲੋਕ ਸਭਾ ਹਲਕਾ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਨੂੰ ਮੈਦਾਨ ਵਿਚ ਉਤਾਰਿਆ ਹੈ। ਬੀਬੀ ਸਾਹੋਕੇ ਪਹਿਲਾਂ ਅਕਾਲੀ ਦਲ ਵਿਚ ਰਹਿ ਚੁੱਕੇ ਹਨ ਤੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਹਨ। ਉਹ ਜ਼ਿਲ੍ਹੇ ਦੀ ਪਹਿਲੀ ਇਸਤਰੀ ਉਮੀਦਵਾਰ ਹਨ। ਇਸ ਹਲਕੇ ਵਿਚ ‘ਆਪ’ ਨੇ ਕਰਮਜੀਤ ਅਨਮੋਲ, ਭਾਜਪਾ ਨੇ ਹੰਸ ਰਾਜ ਹੰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਰਾਜਵਿੰਦਰ ਸਿੰਘ ਧਰਮਕੋਟ ਨੂੰ ਮੈਦਾਨ ‘ਚ ਉਤਾਰਿਆ ਹੈ। ਇਨ੍ਹਾਂ ਉਮੀਦਵਾਰਾਂ ਵਿਚੋਂ ਦੋ ਮਸ਼ਹੂਰ ਕਲਾਕਾਰ ਹਨ। ਇੱਥੇ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਹਨ।
ਦੂਜੇ ਪਾਸੇ ਸਾਹੋਕੇ ਦੇ ਨਾਂ ਦੇ ਐਲਾਨ ਵਿਚ ਦੇਰੀ ਹੋਣ ਕਾਰਨ ਉਨ੍ਹਾਂ ਨੂੰ ਹੋਰਨਾਂ ਉਮੀਦਵਾਰਾਂ ਦੇ ਮੁਕਾਬਲੇ ਚੋਣ ਪ੍ਰਚਾਰ ਲਈ ਘੱਟ ਸਮਾਂ ਮਿਲੇਗਾ। ਯਾਦ ਰਹੇ, ਜਦੋਂ ਤੱਕ ਕਾਂਗਰਸੀ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਸੀ, ਉਦੋਂ ਤੱਕ ਇਸ ਪਾਰਟੀ ਦੇ ਆਗੂ ਤੇ ਵਰਕਰ ਚੁੱਪ ਸਨ। ਉਮੀਦਵਾਰਾਂ ਦੀ ਦੌੜ ਵਿਚ ਸ਼ਾਮਲ ਆਗੂਆਂ ਦੇ ਆਪਣੇ-ਆਪਣੇ ਗਰੁੱਪ ਸਨ। ਉਮੀਦਵਾਰ ਐਲਾਨੇ ਜਾਣ ਤੋਂ ਪਹਿਲਾਂ ਫਰੀਦਕੋਟ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਪਰਮਿੰਦਰ ਸਿੰਘ ਡਿੰਪਲ ਤੇ ਸੁਖਵਿੰਦਰ ਸਿੰਘ ਡੈਨੀ ਸਨ, ਜਿਨ੍ਹਾਂ ਨੇ ਬੀਤੇ ਦਿਨ ਨਾਰਾਜ਼ਗੀ ਪ੍ਰਗਟਾਈ ਸੀ। ਡੈਨੀ ਨੇ ਨਾਰਾਜ਼ਗੀ ਜ਼ਾਹਰ ਕਰ ਦਿੱਤੀ ਸੀ ਤੇ ਪਰਮਿੰਦਰ ਸਿੰਘ ਡਿੰਪਲ ਨੇ ਬੀਬੀ ਸਾਹੋਕੇ ਨੂੰ ਟਿਕਟ ਦੇਣ ਦਾ ਵਿਰੋਧ ਕਰਦਿਆਂ ਚਿੱਠੀ ਲਿਖੀ ਸੀ।
ਉਮੀਦਵਾਰ ਅਮਰਜੀਤ ਕੌਰ ਦੇ ਪਤੀ ਭੁਪਿੰਦਰ ਸਿੰਘ ਸਾਹੋਕੇ ਨੇ ਕਿਹਾ ਹੈ ਕਿ ਉਹ ਇਸ ਇਲਾਕੇ ਦੇ ਜੰਮਪਲ ਹਨ ਤੇ ਸਮੱਸਿਆਵਾਂ ਜਾਣਦੇ ਹਨ। ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਨੇ ਵੀ ਵਿਕਾਸ ਕਰਵਾਉਣ ਦੀ ਗੱਲ ਕੀਤੀ ਹੈ। ‘ਆਪ’ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਹੈ ਕਿ ਉਹ ਜ਼ਮੀਨੀ ਪੱਧਰ ‘ਤੇ ਜਨਤਕ ਮੁਸ਼ਕਲਾਂ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ।