-ਚੋਰੀ ਕਰਨ ਵਾਲੇ ਵੀ ਪੰਜਾਬੀ
ਫਰਿਜ਼ਨੋ, 13 ਨਵੰਬਰ (ਪੰਜਾਬ ਮੇਲ)- ਫਰਿਜ਼ਨੋ ਦੇ ਡੁਲਿੱਟ ਟਰੱਕ ਟਰਮੀਨਲ ਤੋਂ ਫ਼ਤਿਹ ਕੈਰੀਅਰ ਦੇ ਇੱਕੋ ਰਾਤ ਵਿਚ ਤਿੰਨ ਮਹਿੰਗੇ ਲੋਡ ਚੋਰੀ ਹੋ ਗਏ। ਇਹ ਯਾਰਡ 2778 S willow Ave Fresno ਵਿਖੇ ਸਥਿਤ ਹੈ। ਇੱਥੇ ਤਕਰੀਬਨ 100 ਟਰੱਕਾਂ ਦੀ ਪਾਰਕਿੰਗ ਬਣੀ ਹੋਈ ਹੈ। ਇਨ੍ਹਾਂ ਵਿਚੋਂ 25 ਟਰੱਕਾਂ ਦੀ ਪਾਰਕਿੰਗ ਫ਼ਤਿਹ ਕੈਰੀਅਰ ਵੱਲੋਂ ਕਿਰਾਏ ‘ਤੇ ਲਈ ਗਈ ਹੈ। ਫ਼ਤਿਹ ਕੈਰੀਅਰ ਦਾ ਪਹਿਲਾ ਲੋਡ 13 ਅਕਤੂਬਰ ਨੂੰ ਚੋਰੀ ਹੋਇਆ ਸੀ, ਉਸ ਉਪਰੰਤ ਇਨ੍ਹਾਂ ਨੇ ਦੋ ਸਕਿਓਰਟੀ ਗਾਰਡ ਹਾਇਰ ਕੀਤੇ, ਕੈਮਰੇ ਵਗੈਰਾ ਲੱਗੇ ਹੋਏ ਨੇ। ਗੇਟ ਅੰਦਰ ਵੜਨ ਲਈ ਗੇਟ ਕੋਡ ਵਰਤਣੇ ਪੈਂਦੇ ਨੇ। ਲੰਘੇ ਹਫ਼ਤੇ ਇਸੇ ਯਾਰਡ ਦੇ ਵਿਚ ਤਿੰਨ ਸ਼ੱਕੀ ਪੰਜਾਬੀ ਮੁੰਡੇ, ਉਮਰ 25 ਤੋਂ 30 ਸਾਲ ਕਾਲੇ ਪਿੱਕਅੱਪ ਅਤੇ ਨੀਲੇ ਰੰਗ ਦੇ ਬਾਬਟੇਲ ਟਰੱਕ ਨਾਲ ਯਾਰਡ ਵਿਚ ਵੇਖੇ ਗਏ। ਜਦੋਂ ਇਨ੍ਹਾਂ ਨਾਲ ਗੱਲਬਾਤ ਕੀਤੀ ਗਈ, ਤਾਂ ਇਨ੍ਹਾਂ ਨੇ ਦੱਸਿਆ ਕਿ ਅਸੀਂ ਵੀ ਇੱਥੇ ਪਾਰਕਿੰਗ ਕਿਰਾਏ ‘ਤੇ ਲਈ ਹੋਈ ਹੈ। ਉਪਰੰਤ ਯਾਰਡ ਦੇ ਮਾਲਕ ਅਵਤਾਰ ਸਿੰਘ ਨੇ ਇਸ ਗੱਲ ਨੂੰ ਤਸਦੀਕ ਵੀ ਕੀਤਾ। ਫੇਰ ਇਹ ਬੰਦੇ ਦੋ ਹੋਰ ਟਰੱਕਾਂ ਨਾਲ ਯਾਰਡ ਵਿਚ ਪਹੁੰਚੇ ਅਤੇ ਫ਼ਤਿਹ ਕੈਰੀਅਰ ਦੇ ਤਿੰਨ ਲੋਡਡ ਟ੍ਰੇਲਰ ਹੁੱਕ ਕਰਕੇ ਸ਼ਰੇਆਮ ਕੋਡ ਨੇਪਕੇ ਯਾਰਡ ਤੋਂ ਲੋਡਾਂ ਸਮੇਤ ਰਫ਼ੂ ਚੱਕਰ ਹੋ ਗਏ, ਤੇ ਗਾਰਡ ਘੁਰਾੜੇ ਮਾਰਦੇ ਰਹਿ ਗਏ। ਕੁਝ ਦੇਰ ਬਾਅਦ ਇਹ ਫਿਰ ਯਾਰਡ ਵਿਚ ਪਰਤੇ ਅਤੇ ਕੁਝ ਹੋਰ ਟ੍ਰੇਲਰਾਂ ਨੂੰ ਹੁੱਕ ਅੱਪ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ, ਕਿਉਂਕਿ ਟ੍ਰੇਲਰਾਂ ਨੂੰ ਕਿੰਗ ਪਿੰਨ ਲਾਕ ਲੱਗੇ ਹੋਏ ਸਨ। ਖੜਕਾ ਸੁਣਕੇ ਮੈਕਸੀਕਨ ਮੂਲ ਦਾ ਗਾਰਡ ਆਇਆ, ਤਾਂ ਇਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਫੇਰ ਸਕਿਓਰਿਟੀ ਗਾਰਡ ਨੇ ਫ਼ਤਿਹ ਕੈਰੀਅਰ ਦੇ ਮਾਲਕ ਗੁਰਮਨਸ਼ੇਰ ਸਿੰਘ ਨੂੰ ਕਾਲ ਕਰਕੇ ਯਾਰਡ ਵਿਚ ਬੁਲਾਇਆ ਗਿਆ। ਉਨ੍ਹਾਂ ਸ਼ੈਰਿਫ਼ ਡਿਪਾਰਟਮੈਂਟ ਨੂੰ ਕਾਲ ਕਰਕੇ ਸਾਰੀ ਗੱਲ ਦੱਸੀ। ਚੋਰੀ ਹੋਏ ਟ੍ਰੇਲਰਾਂ ‘ਤੇ ਜੀ.ਪੀ.ਐੱਸ. ਟ੍ਰੈਕਰ ਲੱਗੇ ਹੋਏ ਸੀ। ਪੁਲਿਸ ਨੇ ਕਾਰਵਾਈ ਕੀਤੀ ਪਰ ਮਹਿਜ਼ 40 ਮਿੰਟ ਅੰਦਰ ਟ੍ਰੇਲਰਾਂ ਵਿਚਲੇ ਲੋਡ ਚੋਰੀ ਹੋ ਚੁੱਕੇ ਸਨ, ਤੇ ਪੁਲਿਸ ਦੇ ਹੱਥ ਸਿਰਫ ਖਾਲੀ ਟ੍ਰੇਲਰ ਹੀ ਲੱਗੇ। ਸੀ.ਸੀ.ਟੀ.ਵੀ. ਫੁਟੇਜ ਵਿਚ ਇਨ੍ਹਾਂ ਪੰਜਾਬੀ ਚੋਰਾਂ ਦੇ ਚਿਹਰੇ ਸਾਫ਼ ਵਿਖਾਈ ਦੇ ਰਹੇ ਹਨ। ਇਹ ਐਨੇਂ ਬੇਖੌਫ਼ ਪੰਜਾਬੀ ਚੋਰ ਹਨ ਕਿ ਇਨ੍ਹਾਂ ਆਪਣੇ ਚਿਹਰੇ ਵੀ ਨਹੀਂ ਢਕੇ। ਫ਼ਤਿਹ ਕੈਰੀਅਰ ਵੱਲੋਂ ਚੋਰਾਂ ਦੀ ਜਾਣਕਾਰੀ ਦੇਣ ਵਾਲਿਆਂ ਲਈ 20 ਹਜ਼ਾਰ ਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ। ਕੰਪਨੀ ਦੇ ਮਾਲਕ ਗੁਰਮਨਸ਼ੇਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਕਰੀਬਨ 7 ਲੱਖ ਡਾਲਰ ਤੋਂ ਉੱਪਰ ਦਾ ਨੁਕਸਾਨ ਇਸ ਚੋਰੀ ਦੌਰਾਨ ਹੋਇਆ।