#CANADA

ਪੱਤਰਕਾਰ ਗੁਰਪ੍ਰੀਤ ਸਿੰਘ ਦੀ Book ‘1984: ਜਦੋਂ ਉਹ ਸਿੱਖਾਂ ਲਈ ਆਏ’ ਦਾ ਰਿਲੀਜ਼ ਸਮਾਗਮ

ਸਰੀ, 22 ਜਨਵਰੀ (ਹਰਦਮ ਮਾਨ/ਪੰਜਾਬ ਮੇਲ)- ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਦੀ ਨਵੀਂ ਕਿਤਾਬ ‘1984 : ਜਦੋਂ ਉਹ ਸਿੱਖਾਂ ਲਈ ਆਏ’ ਰਿਲੀਜ਼ ਕਰਨ ਹਿਤ ਬੀਤੇ ਦਿਨੀਂ ਸਟਰਾਅ ਬੇਰੀ ਹਿੱਲ ਲਾਇਬ੍ਰੇਰੀ ਸਰੀ ਵਿਖੇ ਸਮਾਗਮ ਕੀਤਾ ਗਿਆ। ਸਮਾਗਮ ਦੇ ਆਰੰਭ ਵਿਚ ਪ੍ਰੋਗਰਾਮ ਦੇ ਸੰਚਾਲਕ ਡਾ. ਗੁਰਵਿੰਦਰ ਸਿੰਘ ਧਾਲੀਵਾਲ ਦੇ ਸੱਦੇ ‘ਤੇ, ਕੈਨੇਡਾ ਦੇ ਮੋਢੀ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ (ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ) ਨੂੰ ਯਾਦ ਕਰਦਿਆਂ ਇੱਕ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਸਮਾਗਮ ਦੀ ਪਹਿਲੇ ਬੁਲਾਰੇ ਜੈਨੇਫਰ ਸ਼ੈਰਫ ਨੇ ਮੂਲ ਵਾਸੀਆਂ ਦੀ ਧਰਤੀ ‘ਤੇ ਵਿਚਾਰ-ਚਰਚਾ ਦੀ ਸ਼ੁਰੂਆਤ ਕੀਤੀ। ਸਮਾਗਮ ਦੀ ਵਿਲੱਖਣਤਾ ਇਹ ਸੀ ਕਿ ਲੇਖਕ ਗੁਰਪ੍ਰੀਤ ਸਿੰਘ ਦੀ ਹੋਣਹਾਰ ਧੀ ਸ਼ਾਇਸਤਾ ਸਿੰਘ ਦੇ 16ਵੇਂ ਜਨਮ ਦਿਨ ‘ਤੇ, ਉਸ ਵੱਲੋਂ ਰਿਲੀਜ਼ ਕਰਾਈ ਗਈ। ਇਸ ਸਮਾਗਮ ਰਾਹੀਂ ਇਹ ਨਵੀਂ ਪਿਰਤ ਪਈ ਕਿ ਧੀਆਂ-ਪੁੱਤਾਂ ਦੇ ਜਨਮ ਦਿਨਾਂ ਨੂੰ ਕਿਤਾਬਾਂ ਦੀਆਂ ਸੌਗਾਤਾਂ ਰਾਹੀਂ ਮਨਾਇਆ ਜਾਵੇ।
ਬੁਲਾਰਿਆਂ ਵਿਚ ਪੁਸਤਕ ਦੇ ਲੇਖਕ ਗੁਰਪ੍ਰੀਤ ਸਿੰਘ, ਚਿੱਤਰਕਾਰ ਜਰਨੈਲ ਸਿੰਘ, ਇਮਤਿਆਜ਼ ਪੋਪਟ, ਹਰਪ੍ਰੀਤ ਸਿੰਘ ਸੇਖਾ, ਸੁਨੀਲ ਕੁਮਾਰ, ਜਗਤਾਰ ਸਿੰਘ ਸੰਧੂ, ਕੁਲਵਿੰਦਰ ਸਿੰਘ ਢਿੱਲੋਂ, ਕਵਲਜੀਤ ਸਿੰਘ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਸੰਬੋਧਨ ਕਰਦਿਆਂ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਅਤੇ ਹਕੂਮਤਾਂ ਦੀਆਂ ਧੱਕੇਸ਼ਾਹੀਆਂ ਤੋਂ ਇਲਾਵਾ, ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨ ਬਾਰੇ ਖੁੱਲ੍ਹੀ ਚਰਚਾ ਕੀਤੀ।
ਅੰਤ ਵਿਚ ਕੈਨੇਡਾ ਬੀ.ਸੀ. ਦੀ ਵਿੱਦਿਆ ਮੰਤਰੀ ਰਚਨਾ ਸਿੰਘ ਨੇ ਸਮਾਗਮ ਵਿਚ ਸ਼ਾਮਲ ਸਭਨਾਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਕਿਤਾਬ ਨਾਲ ਤੇ ਲੇਖਕ ਜੁੜੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਇਹ ਕਿਤਾਬ ਅੰਗਰੇਜ਼ੀ ਵਿਚ ਗੁਰਪ੍ਰੀਤ ਸਿੰਘ ਵੱਲੋਂ ਲਿਖੀ ਗਈ ਹੈ, ਜਿਸ ਦਾ ਪੰਜਾਬੀ ਅਨੁਵਾਦ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ ਅਤੇ ਕਿਤਾਬ ਵਿਚਲੀਆਂ ਪੇਂਟਿੰਗਜ਼ ਜਰਨੈਲ ਸਿੰਘ ਚਿੱਤਰਕਾਰ ਵੱਲੋਂ ਤਿਆਰ ਕੀਤੀਆਂ ਗਈਆਂ ਹਨ।
ਪੁਸਤਕ ਰਿਲੀਜ਼ ਮੌਕੇ ਗੁਰਪ੍ਰੀਤ ਸਿੰਘ ਅਤੇ ਰੈਡੀਕਲ ਦੇਸੀ ਵੱਲੋਂ ਏਅਰ ਇੰਡੀਆ ਬੰਬ ਧਮਾਕੇ ਦੀ ਮੁੜ ਜਾਂਚ ਲਈ ਤਿਆਰ ਕੀਤੀ ਗਈ ਪਟੀਸ਼ਨ ਨੂੰ ਸਰੋਤਿਆਂ ਅਤੇ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ।