#INDIA

ਪੱਛਮੀ ਬੰਗਾਲ ‘ਚ ਛਾਪੇ ਮਾਰਨ ਗਈ E.D. ਟੀਮ ‘ਤੇ ਹਮਲਾ

ਕੋਲਕਾਤਾ, 5 ਜਨਵਰੀ (ਪੰਜਾਬ ਮੇਲ)- ਪੱਛਮੀ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਸ਼ੇਖ਼ ਸ਼ਾਹਜਹਾਂ ਦੇ ਸਮਰਥਕਾਂ ਨੇ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ ‘ਤੇ ਹਮਲਾ ਕੀਤਾ ਅਤੇ ਉਨ੍ਹਾਂ ਦੇ ਵਾਹਨਾਂ ਦੀ ਭੰਨਤੋੜ ਕੀਤੀ। ਅਧਿਕਾਰੀ ਰਾਸ਼ਨ ਵੰਡ ਘਪਲੇ ਦੀ ਜਾਂਚ ਦੇ ਸਿਲਸਿਲੇ ‘ਚ ਉੱਤਰੀ 24 ਪਰਗਨਾ ਜ਼ਿਲ੍ਹੇ ‘ਚ ਸ਼ਾਹਜਹਾਂ ਦੇ ਘਰ ਛਾਪਾ ਮਾਰਨ ਆਏ ਸਨ। ਈ.ਡੀ. ਦੇ ਅਧਿਕਾਰੀ ਸੂਬੇ ‘ਚ 15 ਥਾਵਾਂ ‘ਤੇ ਛਾਪੇਮਾਰੀ ਕਰ ਰਹੇ ਹਨ ਅਤੇ ਸ਼ੇਖ ਦੀ ਰਿਹਾਇਸ਼ ਇਨ੍ਹਾਂ ‘ਚੋਂ ਇਕ ਹੈ। ਅਧਿਕਾਰੀ ਨੇ ਦੱਸਿਆ ਕਿ ਜਦੋਂ ਈ.ਡੀ. ਅਧਿਕਾਰੀ ਸਵੇਰੇ ਸੰਦੇਸ਼ਖਲੀ ਖੇਤਰ ਵਿਚ ਸ਼ੇਖ ਦੀ ਰਿਹਾਇਸ਼ ‘ਤੇ ਪਹੁੰਚੇ ਤਾਂ ਵੱਡੀ ਗਿਣਤੀ ਵਿਚ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਨੇ ਈਡੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਨਾਲ ਆਏ ਕੇਂਦਰੀ ਬਲਾਂ ਦੇ ਜਵਾਨਾਂ ਨੂੰ ਘੇਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ ਅਤੇ ਫਿਰ ਉਸ ‘ਤੇ ਹਮਲਾ ਕਰ ਦਿੱਤਾ।