ਮੈਲਬਰਨ, 6 ਸਤੰਬਰ (ਪੰਜਾਬ ਮੇਲ)- ਪੱਛਮੀ ਆਸਟਰੇਲੀਆ ਦੇ ਪਰਥ ਸ਼ਹਿਰ ਨਾਲ ਸੰਬਧਤ ਦੱਸੀ ਜਾਂਦੀ ਬੇਅਦਬੀ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਆਸਟਰੇਲੀਆ ਵਸਦੇ ਸਿੱਖਾਂ ‘ਚ ਰੋਸ ਹੈ। ਇਸ ਸਬੰਧੀ ਸਾਹਮਣੇ ਆਈ ਵੀਡੀਓ ਵਿਚ ਪਰਥ ਦੇ ਕੈਨਿੰਗਵੇਲ ਇਲਾਕੇ ‘ਚ ਸਥਿਤ ਗੁਰੂ ਘਰ ਦੇ ਬਾਹਰ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਸੁੱਟੇ ਦਿਖਾਈ ਦੇ ਰਹੇ ਹਨ। ਸਿੱਖ ਜਥੇਬੰਦੀਆਂ ਨੇ ਸਰਕਾਰ ਤੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਵੈਸਟਰਨ ਆਸਟਰੇਲੀਆ ਸੂਬੇ ਦੀ ਪੁਲਿਸ ਨੇ ਵਿਸ਼ੇਸ਼ ਜਾਂਚ ਅਫਸਰਾਂ ਨੂੰ ਇਸ ਘਟਨਾ ਦੀ ਤਫਤੀਸ਼ ਨਾਲ ਜੋੜਿਆ ਹੈ ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਇਸ ਘਟਨਾ ਦੇ ਵਿਰੋਧ ‘ਚ ਮੈਲਬਰਨ ‘ਚ ਸਿੱਖਾਂ ਵੱਲੋਂ ਮੁੱਖ ਚੌਕ ਤੋਂ ਸੂਬਾਈ ਸੰਸਦ ਤੱਕ ਰੋਸ ਮਾਰਚ ਦਾ ਐਲਾਨ ਕੀਤਾ ਗਿਆ ਹੈ, ਜੋ 10 ਸਤੰਬਰ ਨੂੰ ਕੱਢਿਆ ਜਾਣਾ ਹੈ, ਹੁਣ ਤੱਕ ਵੱਖ-ਵੱਖ ਥਾਈਂ ਸਿੱਖਾਂ ਨੇ ਗੁਰੂਘਰਾਂ ‘ਚ ਇਸ ਘਟਨਾ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਹਨ। ਆਸਟਰੇਲੀਅਨ ਸੰਸਦ ਮੈਂਬਰ ਜੇਸਨ ਵੁੱਡ, ਵਿਕਟੋਰੀਅਨ ਯਹੂਦੀ ਭਾਈਚਾਰੇ ਦੀ ਸੰਸਥਾ ਅਤੇ ਹਿੰਦੂ ਕੌਂਸਲ ਆਫ ਆਸਟਰੇਲੀਆ ਸਣੇ ਹੋਰ ਸਮਾਜਿਕ ਸੰਸਥਾਵਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਦੂਜੇ ਪਾਸੇ ਵੈਸਟਰਨ ਆਸਟਰੇਲੀਆ ਪੁਲਿਸ ਦੀ ਜਾਂਚ ਟੀਮ ਦੇ ਮੁਖੀ ਨੇ ਸਿੱਖ ਐਸੋਸੀਏਸ਼ਨ ਆਫ ਵੈਸਟਨ ਆਸਟਰੇਲੀਆ ਦੇ ਸਹਿਯੋਗ ਨਾਲ ਡੂੰਘਾਈ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।