#AMERICA

ਪੰਨੂ ਮਾਮਲੇ ’ਚ ਭਾਰਤੀ ਜਾਂਚ ਦੇ ਨਤੀਜਿਆਂ ਦਾ ਇੰਤਜ਼ਾਰ ਕਰੇਗਾ : ਅਮਰੀਕਾ

ਵਾਸ਼ਿੰਗਟਨ, 7 ਦਸੰਬਰ (ਪੰਜਾਬ ਮੇਲ)- ਅਮਰੀਕਾ ਨੇ ਅੱਜ ਕਿਹਾ ਕਿ ਉਹ ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ’ਚ ਇਕ ਭਾਰਤੀ ਅਧਿਕਾਰੀ ਦੀ ਸ਼ਮੂਲੀਅਤ ਦੇ ਦੋਸ਼ਾਂ ਦੇ ਸਬੰਧ ’ਚ ਭਾਰਤ ਦੀ ਜਾਂਚ ਦੇ ਨਤੀਜਿਆਂ ਦਾ ਇੰਤਜ਼ਾਰ ਕਰੇਗਾ। ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਅੱਜ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ‘ਵਿਦੇਸ਼ ਮੰਤਰੀ ਨੇ ਆਪਣੇ ਭਾਰਤੀ ਹਮਰੁਤਬਾ ਕੋਲ ਇਹ ਮੁੱਦਾ ਚੁੱਕਿਆ ਹੈ ਤੇ ਕਿਹਾ ਹੈ ਕਿ ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਉਨ੍ਹਾਂ (ਭਾਰਤ) ਨੇ ਕਿਹਾ ਹੈ ਕਿ ਉਹ ਜਾਂਚ ਕਰਨਗੇ।’ ਮਿਲਰ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘ਉਨ੍ਹਾਂ ਜਾਂਚ ਬਾਰੇ ਜਨਤਕ ਤੌਰ ਉਤੇ ਐਲਾਨ ਕੀਤਾ ਹੈ। ਹੁਣ ਅਸੀਂ ਜਾਂਚ ਦੇ ਸਿੱਟਿਆਂ ਦੀ ਉਡੀਕ ਕਰਾਂਗੇ।’ ਦੱਸਣਯੋਗ ਹੈ ਕਿ ਅਮਰੀਕਾ ਵਿਚ ਫੈਡਰਲ ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਇਕ ਭਾਰਤੀ ਨਾਗਰਿਕ ਨੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ ਵਿਚ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਵਕੀਲਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇਹ ਭਾਰਤੀ ਨਾਗਰਿਕ ਇਕ ਭਾਰਤੀ ਅਧਿਕਾਰੀ ਨਾਲ ਰਲਿਆ ਹੋਇਆ ਸੀ ਜਦਕਿ ਭਾਰਤ ਨੇ ਅਮਰੀਕੀ ਧਰਤੀ ਉਤੇ ਸਿੱਖ ਵੱਖਵਾਦੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਵਿਅਕਤੀ ਨਾਲ ਇਕ ਭਾਰਤੀ ਅਧਿਕਾਰੀ ਨੂੰ ਜੋੜੇ ਜਾਣ ਨੂੰ ‘ਚਿੰਤਾ ਦਾ ਵਿਸ਼ਾ’ ਦੱਸਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਸ਼ਾਂ ਦੀ ਜਾਂਚ ਲਈ ਗਠਿਤ ਕਮੇਟੀ ਦੇ ਸਿੱਟਿਆਂ ਦੇ ਅਧਾਰ ਉਤੇ ਅਗਲੀ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ