#INDIA

ਪੰਨੂ ਨੇ ਹੱਦ ਪਾਰ ਕੀਤੀ ਤਾਂ ਅਮਰੀਕਾ ਕਾਰਵਾਈ ਕਰੇਗਾ: ਰਿਚਰਡ ਵਰਮਾ

ਨਵੀਂ ਦਿੱਲੀ, 23 ਫ਼ਰਵਰੀ (ਪੰਜਾਬ ਮੇਲ)- ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਰਿਚਰਡ ਵਰਮਾ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਭਾਰਤ ਵੱਲੋਂ ਨਾਮਜ਼ਦ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਜਾਂ ਉਸ ਦੇ ਸਾਥੀਆਂ ਨੇ ਹੱਦ ਪਾਰ ਕੀਤੀ ਤਾਂ ਉਸ ਖ਼ਿਲਾਫ਼ ਅਮਰੀਕਾ ਕਾਰਵਾਈ ਕਰੇਗਾ। ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਅਮਰੀਕੀ ਆਗੂ ਨੇ ਕਿਹਾ ਕਿ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਕੰਮ ਕਰਨ ਦੀ ਲੋੜ ਹੈ। ਪ੍ਰਬੰਧਨ ਅਤੇ ਸਰੋਤਾਂ ਬਾਰੇ ਅਮਰੀਕੀ ਉਪ ਵਿਦੇਸ਼ ਮੰਤਰੀ ਨੇ ਕਿਹਾ,‘‘ਮੇਂ ਕਿਸੇ ਖਾਸ ਕੇਸ ਦੇ ਚੱਕਰ ’ਚ ਨਹੀਂ ਪੈਣਾ ਚਾਹੁੰਦਾ ਹਾਂ। ਮੈਂ ਪੁਰਾਣੀ ਗੱਲ ਦੁਹਰਾਉਂਦਾ ਹਾਂ ਕਿ ਸਾਨੂੰ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਕੰਮ ਕਰਨਾ ਪਵੇਗਾ ਅਤੇ ਜਦੋਂ ਲੋਕ ਹੱਦ ਪਾਰ ਕਰਨਗੇ ਤਾਂ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।’’ ਵਰਮਾ ਨੇ ਕਿਹਾ ਕਿ ਅਮਰੀਕੀ ਸਰਕਾਰ ਕੂਟਨੀਤਕਾਂ ਨੂੰ ਨਿਸ਼ਾਨਾ ਬਣਾਉਣ ਜਿਹੇ ਮਾਮਲਿਆਂ ਨੂੰ ਕਦੇ ਵੀ ਸਹਿਣ ਨਹੀਂ ਕਰੇਗੀ।

ਅਮਰੀਕਾ ਆਧਾਰਿਤ ਗੁਰਪਤਵੰਤ ਸਿੰਘ ਪੰਨੂ ਵੱਲੋਂ ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡੇ ਜਾਣ ਵਾਲੇ ਚੌਥੇ ਟੈਸਟ ਮੈਚ ’ਚ ਅੜਿੱਕਾ ਡਾਹੁਣ ਦੀ ਦਿੱਤੀ ਧਮਕੀ ਮਗਰੋਂ ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੰਨੂ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਅਪਲੋਡ ਕਰਕੇ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਨੂੰ ਵੀ ਮੈਚ ਦੌਰਾਨ ਰੁਕਾਵਟ ਪਾਉਣ ਦੀ ਅਪੀਲ ਕੀਤੀ ਹੈ।