#PUNJAB

ਪੰਜਾਬ Congress ਵੱਲੋਂ ਹਾਈਕਮਾਨ ਨਾਲ ਮੀਟਿੰਗ ‘ਚ ‘ਆਪ’ ਨਾਲ ਗੱਠਜੋੜ ‘ਤੇ ਹੋਈ ਚਰਚਾ

-ਪੰਜਾਬ ‘ਚ ਗੱਠਜੋੜ ਨੂੰ ਲੈ ਕੇ ਪਿਆ ਹੋਇਐ ਰੇੜਕਾ
ਚੰਡੀਗੜ੍ਹ, 27 ਦਸੰਬਰ (ਪੰਜਾਬ ਮੇਲ)- ਇਕ ਪਾਸੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਖ਼ਿਲਾਫ਼ ਵਿਰੋਧੀ ਪਾਰਟੀਆਂ ਇਕਜੁੱਟ ਹੋ ਗਈਆਂ ਹਨ ਤੇ ਉਨ੍ਹਾਂ ਵੱਲੋਂ ‘ਇੰਡੀਆ’ ਗੱਠਜੋੜ ਬਣਾ ਕੇ ‘ਐੱਨ.ਡੀ.ਏ.’ ਦਾ ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ‘ਚ ਇਸ ਗੱਠਜੋੜ ਨੂੰ ਲੈ ਕੇ ਰੇੜਕਾ ਪਿਆ ਹੋਇਆ ਹੈ। ਪੰਜਾਬ ਕਾਂਗਰਸ ਦੇ ਆਗੂ ਮੌਜੂਦਾ ‘ਆਪ’ ਸਰਕਾਰ ਨਾਲ ਵਖਰੇਵਿਆਂ ਕਾਰਨ ਲਗਾਤਾਰ ਇਸ ਗੱਠਜੋੜ ਦੀ ਖ਼ਿਲਾਫ਼ਤ ਕਰ ਰਹੇ ਹਨ, ਉੱਥੇ ਹੀ ਨਵਜੋਤ ਸਿੰਘ ਸਿੱਧੂ, ਸੰਸਦ ਰਵਨੀਤ ਸਿੰਘ ਬਿੱਟੂ ਜਿਹੇ ਆਗੂ ਇਸ ਬਾਰੇ ਹਾਈਕਮਾਨ ਦੇ ਫ਼ੈਸਲੇ ਨਾਲ ਖੜਣ ਦੀ ਗੱਲ ਆਖ਼ਦੇ ਰਹੇ ਹਨ। ਇਸ ਵਿਚਾਲੇ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਮੀਟਿੰਗ ਕੀਤੀ ਹੈ।
ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਆਗੂਆਂ ਨੇ ਬਿਆਨ ਦਿੱਤਾ ਸੀ ਕਿ ਕਾਂਗਰਸ ਹਾਈਕਮਾਂਡ ਇਸ ਗੱਠਜੋੜ ਨੂੰ ਲੈ ਕੇ ਸੂਬੇ ਦੇ ਆਗੂਆਂ ਦੀ ਸਲਾਹ ਜ਼ਰੂਰ ਲਵੇਗੀ। ਉਸ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਹਾਲਾਂਕਿ ਮੀਟਿੰਗ ਵਿਚ ਹੋਈ ਗੱਲਬਾਤ ਬਾਰੇ ਕੋਈ ਖ਼ੁਲਾਸਾ ਤਾਂ ਨਹੀਂ ਹੋ ਸਕਿਆ, ਪਰ ਇਹ ਮੀਟਿੰਗ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਮੀਟਿੰਗ ਦੀ ਅਗਵਾਈ ਕਾਂਗਰਸ ਦੇ ਮੁਖੀ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਕੀਤੀ।
ਮੀਟਿੰਗ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ, ਰਾਣਾ ਗੁਰਜੀਤ ਸਿੰਘ, ਰਾਣਾ ਕੇ.ਪੀ., ਅੰਬਿਕਾ ਸੋਨੀ, ਨਵਜੋਤ ਸਿੰਘ ਸਿੱਧੂ, ਰਵਨੀਤ ਸਿੰਘ ਬਿੱਟੂ, ਮਨੀਸ਼ ਤਿਵਾੜੀ, ਪ੍ਰਗਟ ਸਿੰਘ ਸਮੇਤ ਹੋਰ ਕਈ ਵੱਡੇ ਆਗੂ ਮੌਜੂਦ ਰਹੇ।