ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀ ਮਾਮਲਿਆਂ ਵਿਭਾਗ ਬਾਰੇ ਭਵਿੱਖੀ ਦਸਤਾਵੇਜ਼ ਜਾਰੀ

242
Share

ਐੱਨ.ਆਰ.ਆਈਜ਼ ਲਈ ਏਕੀਕ੍ਰਿਤ ਵੈਬ ਪੋਰਟਲ, ਵੱਖਰਾ ਵਿੱਤ ਤੇ ਵਪਾਰਕ ਵਿੰਗ ਸਥਾਪਤ ਹੋਵੇਗਾ
ਪ੍ਰਵਾਸੀ ਪੰਜਾਬੀਆਂ ਨੂੰ ਜਾਇਦਾਦ, ਵਿੱਤੀ ਮਾਮਲਿਆਂ ਸਣੇ ਹੋਰ ਸਮੱਸਿਆਵਾਂ ਦੇ ਸਮਾਂਬੱਧ ਹੱਲ ਲਈ ਉਲੀਕਿਆ ਖਾਕਾ

ਚੰਡੀਗੜ੍ਹ, 15 ਦਸੰਬਰ (ਪੰਜਾਬ ਮੇਲ)- ਵਿਦੇਸ਼ਾਂ ’ਚ ਵੱਸਦੇ ਪੰਜਾਬੀਆਂ ਨੂੰ ਪੰਜਾਬ ’ਚ ਜਾਇਦਾਦ ਅਤੇ ਵਿੱਤੀ ਮਾਮਲਿਆਂ ’ਚ ਆਉਂਦੀਆਂ ਔਕੜਾਂ ਸਮੇਤ ਹੋਰ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਪ੍ਰਵਾਸੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਭਵਿੱਖੀ ਦਸਤਾਵੇਜ਼ ਤਿਆਰ ਕੀਤਾ ਗਿਆ। ਇਹ ਖੁਲਾਸਾ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪਰਗਟ ਸਿੰਘ ਨੇ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਐੱਨ.ਆਰ.ਆਈ. ਕਮਿਸ਼ਨ ਦੇ ਮੈਂਬਰ ਦਲਜੀਤ ਸਿੰਘ ਸਹੋਤਾ, ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੇ ਸਲਾਹਕਾਰ ਸੀ.ਏ. ਅਸ਼ਵਨੀ ਕੁਮਾਰ ਤੇ ਗੁਰਪਾਲ ਸਿੰਘ ਹਾਜ਼ਰ ਸਨ।
ਸ. ਪਰਗਟ ਸਿੰਘ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀ ਸੁਰੱਖਿਆ ਖਾਸ ਕਰਕੇ ਜਾਇਦਾਦਾਂ ਆਦਿ ਨੂੰ ਸੁਰੱਖਿਅਤ ਯਕੀਨੀ ਬਣਾਉਣਾ ਅਤੇ ਸੂਬਾ ਸਰਕਾਰ ਵੱਲੋਂ ਸਮਰਥਨ ਪ੍ਰਦਾਨ ਕਰਕੇ ਸੂਬੇ ਵਿਚ ਰਹਿੰਦੇ ਹੋਏ ਘਰ ਵਾਂਗ ਹੀ ਮਹਿਸੂਸ ਕਰਵਾਉਣਾ ਬਣਦਾ ਹੈ। ਇਸੇ ਲਈ ਵਿੱਤੀ ਅਤੇ ਵਪਾਰਕ ਗਤੀਵਿਧੀਆਂ ਨਾਲ ਵੱਖਰੇ ਵਿੰਗ ਦੀ ਸਥਾਪਨਾ ਕੀਤੀ ਜਾਵੇਗੀ, ਜਿਸ ਵਿਚ ਪ੍ਰਵਾਸੀ ਪੰਜਾਬੀਆਂ ਦੇ ਸਾਰੇ ਵਪਾਰਕ ਅਤੇ ਵਿੱਤ ਸੰਬੰਧੀ ਮੁੱਦਿਆਂ ਨੂੰ ਸਿੰਗਲ ਵਿੰਡੋ ਰਾਹੀਂ ਹੱਲ ਕੀਤਾ ਜਾਵੇਗਾ। ਇਸੇ ਤਰ੍ਹਾਂ ਪ੍ਰਵਾਸੀਆਂ ਦੇ ਮਾਲ ਵਿਭਾਗ ਨਾਲ ਜਾਇਦਾਦਾਂ ਦੇ ਕੰਮ ਵਿਚ ਸਿੰਗਲ ਵਿੰਡੋ ਸਹੂਲਤ ਪ੍ਰਦਾਨ ਕਰਕੇ ਪੰਜਾਬ ’ਚ ਕਾਰੋਬਾਰ ਸਥਾਪਤ ਕਰਨ ਵਿਚ ਮਦਦ ਕੀਤੀ ਜਾਵੇਗੀ।
ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਪ੍ਰਵਾਸੀ ਪੰਜਾਬੀਆਂ ਲਈ ਢੱੁਕਵਾਂ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇ। ਇੱਕ ਪ੍ਰਭਾਵੀ ਸ਼ਿਕਾਇਤ ਨਿਵਾਰਣ ਅਤੇ ਫੀਡਬੈਕ ਵਿਧੀ ਸਥਾਪਤ ਕੀਤੀ ਜਾਵੇਗੀ। ਪ੍ਰਵਾਸੀ ਭਾਰਤੀਆਂ ਦੀਆਂ ਸਾਰੀਆਂ ਸ਼ਿਕਾਇਤਾਂ ਨੂੰ ਇੱਕੋ ਛੱਤ ਹੇਠ ਲਿਆਇਆ ਜਾਵੇਗਾ। ਪ੍ਰਵਾਸੀਆਂ ਨੂੰ ਸੂਬੇ ਵਿਚ ਵਾਪਰ ਰਹੀਆਂ ਘਟਨਾਵਾਂ ਤੋਂ ਜਾਣੂ ਕਰਵਾਉਣ ਲਈ ਵੈੱਬਸਾਈਟ ਅਤੇ ਐਪ ਰਾਹੀਂ ਪ੍ਰਭਾਵਸ਼ਾਲੀ ਸੰਚਾਰ ਚੈਨਲ ਸਥਾਪਤ ਕੀਤੇ ਜਾਣਗੇ। ਇਸ ਆਨ ਲਾਈਨ ਪੋਰਟਲ ਰਾਹੀਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਭਾਗ ਪੂਰੀ ਤਰ੍ਹਾਂ ਫਾਲੋ-ਅੱਪ ਕਰਦਾ ਹੈ।
ਸ. ਪਰਗਟ ਸਿੰਘ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਦੇ ਇਤਿਹਾਸ, ਵਿਰਸੇ, ਪੰਜਾਬੀ ਭਾਸ਼ਾ ਆਦਿ ਬਾਰੇ ਆਪਣੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਦੌਰਾਨ ਜਾਣਕਾਰੀ ਦੇਣ ਲਈ ਥੋੜੇਂ ਸਮੇਂ ਦੇ ਕੋਰਸ ਕਰਵਾਉਣ ਦੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਥੋੜ੍ਹੇ ਸਮੇਂ ਦੇ ਸਮਰ ਸਕੂਲ ਕੋਰਸ ਸ਼ੁਰੂ ਕੀਤੇ ਜਾਣਗੇ, ਤਾਂ ਜੋ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਸੱਭਿਆਚਾਰਕ ਅਤੇ ਧਾਰਮਿਕ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਵਿਰਾਸਤ ਦੇ ਨੇੜੇ ਲਿਆਇਆ ਜਾ ਸਕੇ। ਇਸ ਤੋਂ ਇਲਾਵਾ ਸੂਬੇ ਨਾਲ ਜੋੜਨ ਅਤੇ ਸੈਰ ਸਪਾਟਾ ਨੂੰ ਹੁਲਾਰਾ ਦੇਣ ਲਈ ‘ਹੋਮ ਸਟੇਅ’ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ। ਨੌਜਵਾਨ ਪੀੜ੍ਹੀ ਨੂੰ ਸੈਰ-ਸਪਾਟੇ ਵਜੋਂ ਭਾਰਤ ਅਤੇ ਖਾਸ ਤੌਰ ’ਤੇ ਘੱਟੋ-ਘੱਟ ਪੰਜਾਬ ਦਾ ਦੌਰਾ ਕਰਨ ਲਈ ਸਹੂਲਤ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਸਕੂਲ ਅਤੇ ਯੂਨੀਵਰਸਿਟੀ ਪੱਧਰ ’ਤੇ ਨੌਜਵਾਨਾਂ ਵਿਚਾਰੇ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ ਵਿੱਢੇ ਜਾਣਗੇ। ਮੈਡੀਕਲ ਸੈਰ ਸਪਾਟਾ ਨੂੰ ਦੇਖਦਿਆਂ ਐਪ ਰਾਹੀਂ ਪ੍ਰਵਾਸੀਆਂ ਨੂੰ ਬਿਹਤਰ ਸਿਹਤ ਸੰਸਥਾਵਾਂ ਅਤੇ ਹਸਪਤਾਲਾਂ ਦੀ ਜਾਣਕਾਰੀ ਮੁਹੱਈਆ ਵੀ ਕਰਵਾਈ ਜਾਵੇਗੀ।
ਸ. ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਮਾਜਿਕ-ਆਰਥਿਕ ਢਾਂਚੇ ਦੇ ਵਿਕਾਸ ਵਿਚ ਪ੍ਰਵਾਸੀ ਪੰਜਾਬੀਆਂ ਦਾ ਬਹੁਤ ਯੋਗਦਾਨ ਹੈ। ਪੰਜਾਬੀਆਂ ਨੇ ਸਖ਼ਤ ਮਿਹਨਤ ਅਤੇ ਉੱਦਮੀ ਗੁਣਾਂ ਕਰਕੇ ਦੁਨੀਆਂ ਭਰ ਵਿਚ ਆਪਣਾ ਨਾਮਣਾ ਖੱਟਿਆ ਹੈ। ਮੌਜੂਦਾ ਸਮੇਂ ਪੰਜਾਬੀਆਂ ਦੀ ਕਰੀਬ ਤੀਜੀ ਪੀੜ੍ਹੀ ਵਿਸ਼ਵ ਭਰ ਵਿਚ ਰਹਿ ਰਹੀ ਹੈ। ਸਭ ਤੋਂ ਵੱਧ ਚਿੰਤਾ ਇਸ ਗੱਲ ਦੀ ਹੈ ਕਿ ਨੌਜਵਾਨ ਪੀੜ੍ਹੀ-ਦਰ-ਪੀੜ੍ਹੀ ਆਪਣੀ ਜੜ੍ਹਾਂ ਤੋਂ ਵੱਖ ਹੋ ਰਹੇ ਹਨ। ਜ਼ਿਆਦਾਤਰ ਪ੍ਰਵਾਸੀ ਭਾਰਤ ਵਿਚ ਆਪਣੀਆਂ ਜਾਇਦਾਦਾਂ ਸਿਰਫ਼ ਇਸ ਕਾਰਨ ਵੇਚ ਰਹੇ ਹਨ ਕਿਉਂਕਿ ਉਨ੍ਹਾਂ ਦੀ ਅਗਲੀ ਪੀੜ੍ਹੀ ਪੰਜਾਬ ਵਿਚ ਨਹੀਂ ਆਉਣਾ ਚਾਹੁੰਦੀ ਅਤੇ ਉਹ ਆਪਣੇ ਮਾਪਿਆਂ ਦੀਆਂ ਜਾਇਦਾਦਾਂ ਵਿਚ ਵੀ ਕੋਈ ਦਿਲਚਸਪੀ ਨਹੀਂ ਰੱਖਦੇ। ਜ਼ਮੀਨਾਂ ਦੀ ਵਿਕਰੀ ਨਾ ਸਿਰਫ਼ ਪੰਜਾਬੀਆਂ ਨੂੰ ਉਨ੍ਹਾਂ ਦੀ ਮਾਂ ਤੋਂ ਖੋਹ ਲਵੇਗੀ, ਸਗੋਂ ਸੂਬੇ ਦੇ ਸਮਾਜਿਕ-ਆਰਥਿਕ ਢਾਂਚੇ ’ਤੇ ਵੀ ਮਾੜਾ ਅਸਰ ਪਾਵੇਗੀ। ਇਹ ਸਾਡੇ ਲਈ ਸੋਚਣ ਵਾਲੀ ਗੱਲ ਹੈ। ਇਨ੍ਹਾਂ ਕਾਰਨਾਂ ਦੀ ਪੜਚੋਲ ਅਤੇ ਇਸ ਦੇ ਹੱਲ ਲਈ ਉਨ੍ਹਾਂ ਸਬੰਧਤ ਧਿਰਾਂ ਨਾਲ ਵਿਚਾਰਾਂ ਕਰਕੇ ਇਹ ਭਵਿੱਖੀ ਰੂਪ-ਰੇਖਾ ਤਿਆਰ ਕੀਤੀ ਗਈ ਹੈ।


Share