#PUNJAB

ਪੰਜਾਬ ਸਰਕਾਰ ਨੇ ਗਿੱਪੀ ਗਰੇਵਾਲ ਦੀ ਸੁਰੱਖਿਆ ਛੱਤਰੀ ਹਟਾਈ

ਬਠਿੰਡਾ, 26 ਫਰਵਰੀ (ਪੰਜਾਬ ਮੇਲ)-ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਫ਼ਿਲਮ ਅਦਾਕਾਰ ਗਿੱਪੀ ਗਰੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਚਾਹ ਦਾ ਕੱਪ ਸਾਂਝਾ ਕਰਨਾ ਮਹਿੰਗਾ ਪਿਆ ਹੈ, ਕਿਉਂਕਿ ਇਸ ਦੀ ਭਿਣਕ ਪੈਂਦਿਆਂ ਹੀ ਪੰਜਾਬ ਸਰਕਾਰ ਨੇ ਗਿੱਪੀ ਦੀ ਸੁਰੱਖਿਆ ਛੱਤਰੀ ਹਟਾ ਦਿੱਤੀ ਹੈ। ਇਸ ਦੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਜਨਤਕ ਤੌਰ ‘ਤੇ ਪੁਸ਼ਟੀ ਕੀਤੀ ਹੈ।
ਜਾਣਕਾਰੀ ਅਨੁਸਾਰ ਗਿੱਪੀ ਗਰੇਵਾਲ ਆਪਣੀ ਕਿਸੇ ਫ਼ਿਲਮ ਦੇ ਸਿਲਸਿਲੇ ਵਿਚ ਬੀਤੇ ਦਿਨੀਂ ਪੰਜਾਬ ਆਇਆ ਹੋਇਆ ਸੀ, ਜਿਸ ਨੇ ਪਿੰਡ ਬਾਦਲ ਰਾਹੀਂ ਅੱਗੇ ਹਰਿਆਣਾ ਵੱਲ ਨੂੰ ਜਾਣਾ ਸੀ, ਤਾਂ ਇਸ ਦੌਰਾਨ ਉਨ੍ਹਾਂ ਨੇ ਬਾਦਲ ਪਰਿਵਾਰ ਦਾ ਘੋੜਿਆਂ ਦਾ ਤਬੇਲਾ ਦੇਖਣ ਦੀ ਇੱਛਾ ਪ੍ਰਗਟ ਕੀਤੀ ਅਤੇ ਉਹ ਬਾਦਲ ਹਾਊਸ ਚਲੇ ਗਏ, ਜਿਥੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਚਾਹ ਦੀ ਚੁਸਕੀ ਵੀ ਲਈ ਪਰ ਜਿਉਂ ਹੀ ਇਹ ਗੱਲ ਬਾਹਰ ਨਿਕਲੀ ਅਤੇ ਪੰਜਾਬ ਸਰਕਾਰ ਤੱਕ ਪੁੱਜੀ, ਤਾਂ ਸਰਕਾਰ ਨੇ ਗਿੱਪੀ ਗਰੇਵਾਲ ਦੀ ਸੁਖਬੀਰ ਨਾਲ ਮਿਲਣੀ ਨੂੰ ਸਿਆਸੀ ਨਜ਼ਰੀਏ ਤੋਂ ਦੇਖਦੇ ਹੋਏ ਹਜ਼ਮ ਨਹੀਂ ਕੀਤਾ ਤੇ ਕੁਝ ਘੰਟਿਆਂ ਅੰਦਰ ਹੀ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ। ਇਸ ਦੀ ਬਿਕਰਮ ਸਿੰਘ ਮਜੀਠੀਆ ਨੇ ਪੁਸ਼ਟੀ ਕਰਦਿਆਂ ਦੋਸ਼ ਵੀ ਲਗਾਏ ਕਿ ਇਸ ਤੋਂ ਪਹਿਲਾਂ ਮੇਰੇ ਉਪਰ ਗਾਇਕ ਜੌਰਡਨ ਸੰਧੂ ਦੀ ਪਾਈ ਬੋਲੀ ਅਤੇ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਵਲੋਂ 2027 ‘ਚ ਸੁਖਬੀਰ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਵੀ ਸਰਕਾਰ ਨੂੰ ਹਜ਼ਮ ਨਹੀਂ ਹੋਈ ਤੇ ਜੌਰਡਨ ਸੰਧੂ ਤੇ ਬਾਬਾ ਘਾਲਾ ਸਿੰਘ ਦੀ ਸੁਰੱਖਿਆ ਵੀ ਵਾਪਸ ਲੈ ਲਈ ਹੈ।