#PUNJAB

ਪੰਜਾਬ ਸਰਕਾਰ ਨੇ ਖਰੀਦਿਆ ਗੋਇੰਦਵਾਲ ਸਾਹਿਬ ਥਰਮਲ ਪਲਾਂਟ

ਪਟਿਆਲਾ, 1 ਜਨਵਰੀ (ਪੰਜਾਬ ਮੇਲ)- ਪੰਜਾਬ ਵਿਚ ਇਕ ਵੱਡੀ ਪਹਿਲ ਕਰਦਿਆਂ ਪੰਜਾਬ ਸਰਕਾਰ ਨੇ 1080 ਕਰੋੜ ਰੁਪਏ ਵਿਚ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦ ਲਿਆ ਹੈ। ਅਸਲ ਵਿਚ ਇਸ ਥਰਮਲ ਪਲਾਂਟ ਨੂੰ ਚਲਾਉਣ ਵਾਲੀ ਕੰਪਨੀ ਜੀ.ਵੀ.ਕੇ ਥਰਮਲ ਦੇ ਸਿਰ ‘ਤੇ 6500 ਕਰੋੜ ਰੁਪਏ ਦਾ ਕਰਜ਼ਾ ਵੱਖ-ਵੱਖ ਬੈਂਕਾਂ ਦਾ ਚੜ੍ਹ ਗਿਆ ਸੀ ਤੇ ਕੰਪਨੀ ਦੀਵਾਲੀਆ ਹੋ ਗਈ ਸੀ। ਕੰਪਨੀ ਨੂੰ ਐੱਨ.ਪੀ.ਏ. ਕਰਾਰ ਦੇਣ ਦੀ ਬਦੌਲਤ ਇਹ ਸਾਰਾ ਕਰਜ਼ਾ ਖਤਮ ਹੋ ਗਿਆ ਅਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੇ ਇਹ ਪਲਾਂਟ 1080 ਕਰੋੜ ਰੁਪਏ ਵਿਚ ਖਰੀਦ ਲਿਆ ਹੈ।
ਪਲਾਂਟ ਖਰੀਦਣ ਲਈ ਜੂਨ 2022 ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ ਸੀ। ਹੁਣ ਇਸ ਪ੍ਰਾਈਵੇਟ ਸੈਕਟਰ ਦੇ ਪਲਾਂਟ ਦੇ ਸਰਕਾਰੀ ਕੰਪਨੀ ਬਣਨ ਮਗਰੋਂ ਇਸਨੂੰ ਚਲਾਉਣਾ ਸੌਖਾ ਹੋ ਜਾਵੇਗਾ ਅਤੇ ਇਸ ਤੋਂ ਸਸਤੀ ਬਿਜਲੀ ਵੀ ਮਿਲ ਸਕੇਗੀ। ਇਸ ਪਲਾਂਟ ਵਿਚ 270-270 ਮੈਗਾਵਾਟ ਦੇ ਦੋ ਯੂਨਿਟ ਹਨ।