-ਲੰਮੇ ਸਮੇਂ ਤੋਂ ਚੱਲ ਰਹੀ ਸੀ ਡੰਕੀ ਦੇ ਰਸਤੇ ਅਮਰੀਕਾ ਭੇਜਣ ਦੀ ਖੇਡ
ਕਪੂਰਥਲਾ, 15 ਫਰਵਰੀ (ਪੰਜਾਬ ਮੇਲ)-ਕੁਝ ਦਿਨ ਪਹਿਲਾਂ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪੰਜਾਬੀ ਨੌਜਵਾਨਾਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਦਿੱਤੇ ਗਏ ਹੁਕਮਾਂ ਤੋਂ ਬਾਅਦ ਜਿਸ ਤਰ੍ਹਾਂ ਪੁਲਿਸ ਨੇ ਕੁੱਝ ਦਿਨਾਂ ਦੇ ਅੰਦਰ-ਅੰਦਰ ਇਨ੍ਹਾਂ ਨੌਜਵਾਨਾਂ ਤੋਂ ਕਰੋੜਾਂ ਰੁਪਏ ਠੱਗਣ ਵਾਲੇ 10 ਜਾਅਲੀ ਟ੍ਰੈਵਲ ਏਜੰਟਾਂ ਖ਼ਿਲਾਫ਼ ਤੇਜ਼ੀ ਨਾਲ ਕਾਰਵਾਈ ਕੀਤੀ ਹੈ, ਉਸ ਨਾਲ ਕਪੂਰਥਲਾ ਜ਼ਿਲ੍ਹੇ ਸਮੇਤ ਪੂਰੇ ਸੂਬੇ ਵਿਚ ਸਰਗਰਮ ਉਨ੍ਹਾਂ ਜਾਅਲੀ ਟਰੈਵਲ ਏਜੰਟਾਂ ਵਿਚ ਦਹਿਸ਼ਤ ਫੈਲ ਗਈ ਹੈ, ਜੋ ਲੰਬੇ ਸਮੇਂ ਤੋਂ ਮਾਸੂਮ ਨੌਜਵਾਨਾਂ ਨੂੰ ਮੈਕਸੀਕੋ ਰਾਹੀਂ ਅਮਰੀਕਾ ਭੇਜਣ ਦਾ ਵਾਅਦਾ ਕਰਕੇ ਲੱਖਾਂ-ਕਰੋੜਾਂ ਰੁਪਏ ਠੱਗਣ ਲਈ ਸੁਰਖੀਆਂ ਵਿਚ ਰਹੇ ਹਨ।
ਉੱਥੇ ਹੀ ਹੁਣ ਚੰਡੀਗੜ੍ਹ ਪੁਲਿਸ ਵੱਲੋਂ ਫਰਜੀ ਟ੍ਰੈਵਲ ਏਜੰਟਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਬੁੱਧਵਾਰ ਨੂੰ ਕਈ ਇਮੀਗ੍ਰੇਸ਼ਨ ਦਫ਼ਤਰਾਂ ਦੀ ਜਾਂਚ ਦੇ ਨਾਲ-ਨਾਲ ਦੋ ਨਕਲੀ ਟਰੈਵਲ ਏਜੰਟਾਂ ਦੀ ਗ੍ਰਿਫ਼ਤਾਰੀ ਨੇ ਇਸ ਦਹਿਸ਼ਤ ਨੂੰ ਹੋਰ ਵਧਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਵਿਚੋਂ 30 ਨੌਜਵਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਿਕਲੇ, ਜਿਸ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਕਮਿਸ਼ਨਰ ਅਤੇ ਐੱਸ.ਐੱਸ.ਪੀ. ਰੈਂਕ ਦੇ ਅਧਿਕਾਰੀਆਂ ਨੂੰ ਇਨ੍ਹਾਂ ਮਾਸੂਮ ਨੌਜਵਾਨਾਂ ਨੂੰ ਗਲਤ ਤਰੀਕੇ ਨਾਲ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਪਾਸੋਂ ਮੋਟੀ ਰਕਮ ਵਸੂਲਣ ਵਾਲੇ ਫਰਜੀ ਟਰੈਵਲ ਏਜੰਟਾਂ ਦੇ ਖ਼ਿਲਾਫ਼ ਇਕ ਹੀ ਦਿਨ ‘ਚ ਪੂਰੀ ਕਾਰਵਾਈ ਨੂੰ ਅੰਜਾਮ ਦੇਣ ਦੇ ਹੁਕਮ ਜਾਰੀ ਕੀਤੇ ਗਏ ਸੀ। ਅਜਿਹੇ ਟ੍ਰੈਵਲ ਏਜੰਟਾਂ ਨੂੰ ਫੜਨ ਲਈ ਏ.ਡੀ.ਜੀ.ਪੀ. ਪ੍ਰਵੀਨ ਸਿਨਹਾ ਦੀ ਨਿਗਰਾਨੀ ‘ਚ ਇਕ ਪੰਜ ਮੈਂਬਰੀ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ ਸੀ, ਜੋ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਦੇ ਨਾਲ ਮਿਲ ਕੇ ਅਜਿਹੇ ਫਰਜੀ ਟ੍ਰੈਵਲ ਏਜੰਟਾਂ ਖ਼ਿਲ਼ਾਫ ਵੱਡੀ ਮੁਹਿੰਮ ਚਲਾਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਤੋਂ ਬਾਅਦ ਅਜਿਹੇ ਫਰਜੀ ਟ੍ਰੈਵਲ ਏਜੰਟਾਂ ‘ਚ ਬਹੁਤ ਦਹਿਸ਼ਤ ਫੈਲ ਗਈ ਹੈ, ਜੋ ਕਪੂਰਥਲਾ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਖ਼ਾਸ ਕਰਕੇ ਭੁਲੱਥ, ਸੁਲਤਾਨਪੁਰ ਲੋਧੀ, ਕਪੂਰਥਲਾ ਅਤੇ ਫਗਵਾੜਾ ਦੇ ਕਸਬਿਆਂ ਅਤੇ ਪੇਂਡੂ ਇਲਾਕਿਆਂ ‘ਚ ਸਰਗਰਮ ਹਨ ਅਤੇ ਮਾਸੂਮ ਨੌਜਵਾਨਾਂ ਨੂੰ ਅਮਰੀਕਾ ‘ਚ ਸੈਟਲ ਹੋਣ ਦਾ ਸੁਫ਼ਨਾ ਵਿਖਾ ਰਹੇ ਸੀ। ਪਰ ਹੁਣ ਅਮਰੀਕਾ ਤੋਂ ਆਏ ਨੌਜਵਾਨਾਂ ਦੀ ਬਦਕਿਸਮਤੀ ਨਾਲ ਆਪਣੀ ਵਤਨ ਵਾਪਸੀ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਪਹਿਲੀ ਵਾਰ ਇਨ੍ਹਾਂ ਫਰਜ਼ੀ ਟ੍ਰੈਵਲ ਏਜੰਟਾਂ ‘ਚ ਅਜਿਹਾ ਡਰ ਵੇਖਿਆ ਜਾ ਰਿਹਾ ਹੈ, ਜੋ ਲੰਬੇ ਸਮੇਂ ਤੋਂ ਨਿਡਰਤਾ ਨਾਲ ਲੋਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਭੇਜ ਰਹੇ ਹਨ।
ਕਿਹਾ ਜਾਂਦਾ ਹੈ ਕਿ ਲੋਕਾਂ ਨੂੰ ਅਮਰੀਕਾ ਭੇਜਣ ਦੇ ਇਸ ਗੈਰ-ਕਾਨੂੰਨੀ ਕਾਰੋਬਾਰ ‘ਚ ਬਹੁਤ ਸਾਰੇ ਅਜਿਹੇ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਦੱਖਣੀ ਅਮਰੀਕਾ, ਗੁਆਟੇਮਾਲਾ, ਮੈਕਸੀਕੋ ਅਤੇ ਅਲਸਲਵਾਡੋਰ ‘ਚ ਆਪਣੇ ਦਫ਼ਤਰ ਖੋਲ੍ਹੇ ਹੋਏ ਹਨ ਤੇ ਅਜਿਹੇ ਫਰਜ਼ੀ ਟ੍ਰੈਵਲ ਏਜੰਟ ਅਕਸਰ ਇਨ੍ਹਾਂ ਦੇਸ਼ਾ ਦਾ ਦੌਰਾ ਕਰਦੇ ਹਨ ਪਰ ਇਸ ਦੇ ਬਾਵਜੂਦ ਲੰਬੇ ਸਮੇਂ ਤੋਂ ਉਨ੍ਹਾਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਉਹ ਸ਼ਰੇਆਮ ਇਹ ਆਪਣੇ ਘਰਾਂ ਅਤੇ ਦਫ਼ਤਰਾਂ ‘ਚ ਸ਼ਰੇਆਮ ਡੌਂਕੀ ਦੇ ਰਸਤੇ ਅਮਰੀਕਾ ਭੇਜਣ ਦਾ ਖੇਡ ਚਲਾ ਰਹੇ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਸਖ਼ਤ ਮੁਹਿੰਮ ਨੇ ਇਨ੍ਹਾਂ ਫਰਜੀ ਟ੍ਰੈਵਲ ਏਜੰਟਾਂ ਨੂੰ ਜਿੱਥੇ ਆਪਣੇ ਠਿਕਾਣਿਆ ਤੋਂ ਗਾਇਬ ਹੋਣ ਦੇ ਲਈ ਮਜਬੂਰ ਕਰ ਦਿੱਤਾ ਹੈ।
ਆਉਣ ਵਾਲੇ ਦਿਨਾਂ ‘ਚ ਅਮਰੀਕਾ ਤੋਂ ਵੱਡੇ ਪੱਧਰ ‘ਤੇ ਨੌਜਵਾਨਾਂ ਦੇ ਡਿਪੋਰਟ ਹੋਣ ਨੂੰ ਲੈ ਕੇ ਆ ਰਹੀਆਂ ਖ਼ਬਰਾਂ ਨੇ ਇਨ੍ਹਾਂ ਫਰਜੀ ਟ੍ਰੈਵਲ ਏਜੰਟਾਂ ਦੀ ਨੀਂਦ ਉਡਾ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ‘ਚੋਂ ਕਈ ਫਰਜੀ ਟ੍ਰੈਵਲ ਏਜੰਟ ਅਜਿਹੇ ਵੀ ਹਨ, ਜੋ ਪਿਛਲੇ 10 ਸਾਲਾਂ ਦੌਰਾਨ 100 ਤੋਂ ਲੈ ਕੇ 150 ਤੱਕ ਦੀ ਗਿਣਤੀ ‘ਚ ਨੌਜਵਾਨਾਂ ਦੀ ਡੰਕੀ ਦੇ ਰਸਤੇ ਅਮਰੀਕਾ ਭੇਜ ਚੁੱਕੇ ਹਨ ਪਰ ਜੇਕਰ ਇਨ੍ਹਾਂ ਵੱਲੋਂ ਭੇਜਿਆ ਗਿਆ ਕੋਈ ਨੌਜਵਾਨ ਵਾਪਸ ਵੀ ਆ ਜਾਂਦਾ ਸੀ ਤਾਂ ਉਸ ਨੂੰ ਆਪਣੇ ਅਸਰ ਰਸੂਖ ਦਾ ਇਸਤੇਮਾਲ ਕਰ ਕੇ ਜਾਂ ਉਸ ਕੋਲੋਂ ਲਈ ਗਈ ਰਕਮ ਦਾ ਕੁਝ ਹਿੱਸਾ ਵਾਪਸ ਦੇ ਕੇ ਉਸ ਨੂੰ ਚੁੱਪ ਕਰਵਾ ਦਿੰਦੇ ਸੀ ਪਰ ਹੁਣ ਬਦਲੇ ਕਾਨੂੰਨਾਂ ‘ਤੇ ਸਰਕਾਰ ਦੇ ਸਖਤ ਤੇਵਰਾਂ ਨੇ ਅਜਿਹੇ ਫਰਜੀ ਟ੍ਰੈਵਲ ਏਜੰਟਾਂ ‘ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਇਸ ਸਬੰਧੀ ਜਦੋਂ ਐੱਸ.ਐੱਸ.ਪੀ. ਗੌਰਵ ਤੂਰਾ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਭੋਲੇ-ਭਾਲੇ ਨੌਜਵਾਨਾਂ ਨੂੰ ਡੰਕੀ ਦੇ ਰਸਤੇ ਅਮਰੀਕਾ ਭੇਜਣ ਦੇ ਨਾਂ ‘ਤੇ ਲੱਖਾਂ ਕਰੋੜਾਂ ਰੁਪਏ ਦੀ ਠੱਗਣ ਵਾਲੇ ਫਰਜੀ ਟ੍ਰੈਵਲ ਏਜੰਟਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਅਜਿਹੇ ਫਰਜ਼ੀ ਟ੍ਰੈਵਲ ਏਜੰਟਾਂ ਖ਼ਿਲਾਫ਼ ਆਉਣ ਵਾਲੀ ਕਿਸੇ ਵੀ ਸ਼ਿਕਾਇਤ ‘ਤੇ ਤਤਕਾਲ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਸਰਕਾਰ ਦੀ ਕਾਰਵਾਈ ਨਾਲ ਸੂਬੇ ‘ਚ ਸਰਗਰਮ ਜਾਅਲੀ ਟਰੈਵਲ ਏਜੰਟਾਂ ‘ਚ ਫੈਲੀ ਦਹਿਸ਼ਤ
