#PUNJAB

ਪੰਜਾਬ ਵਿਧਾਨ ਸਭਾ ਸਦਨ ‘ਚ ਨਿੱਜੀ ਬੱਸਾਂ ਦੇ ਪਰਮਿਟ ਦਾ ਮੁੱਦਾ ਉੱਠਿਆ

ਚੰਡੀਗੜ੍ਹ, 27 ਮਾਰਚ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਸਦਨ ‘ਚ ਸਵਾਲ ਜਵਾਬ ਦੀ ਕਾਰਵਾਈ ਦੌਰਾਨ ਸੂਬੇ ‘ਚ ਨਿੱਜੀ ਬੱਸਾਂ ਦੇ ਪਰਮਿਟ ਦਾ ਮੁੱਦਾ ਉੱਠਿਆ, ਜਿਸ ਦੇ ਜਵਾਬ ‘ਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਾਦਲ ਪਰਿਵਾਰ ਵੱਲੋਂ ਗ਼ਲਤ ਤਰੀਕੇ ਨਾਲ ਪਰਮਿਟ ਜਾਰੀ ਕਰਕੇ ਨਿੱਜੀ ਬੱਸਾਂ ਚਲਾਈਆਂ ਜਾ ਰਹੀਆਂ ਸਨ ਤੇ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੋਣ ਕਰਕੇ ਇਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੀ ਪਰ ਜਲਦ ਇਨ੍ਹਾਂ ਨਿੱਜੀ ਬੱਸਾਂ ਦੇ ਪਰਮਿਟ ਰੱਦ ਕਰਕੇ ਇਨ੍ਹਾਂ ਸਾਰੇ ਰੂਟਾਂ ਉੱਤੇ ਸਰਕਾਰੀ ਬੱਸਾਂ ਚਲਾਈਆਂ ਜਾਣਗੀਆਂ।
ਇਸ ਦੌਰਾਨ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਵੱਲੋਂ ਸਵਾਲ ਕੀਤਾ ਗਿਆ ਕਿ ਉਨ੍ਹਾਂ ਦੇ ਹਲਕੇ ਵਿਚ ਲਿੰਕ ਰੋਡ ਅਤੇ ਕੱਚੇ ਰਸਤਿਆਂ ਨੂੰ ਕਦੋਂ ਪੱਕਾ ਕੀਤਾ ਜਾਵੇਗਾ, ਜਿਸ ‘ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਨ੍ਹਾਂ ਸੜਕਾਂ ਦਾ ਨਿਰਮਾਣ ਨਾਬਾਰਡ ਤੋਂ ਕਰਜ਼ਾ ਲੈ ਕੇ ਕੀਤਾ ਜਾਵੇਗਾ ਪਰ ਜੇਕਰ ਕੇਂਦਰ ਆਰ.ਡੀ.ਐੱਫ. ਦੀ ਰਾਸ਼ੀ ਜਾਰੀ ਕਰ ਦੇਵੇ, ਤਾਂ ਸਰਕਾਰ ਨੂੰ ਇਹ ਕੰਮ ਕਰਨਾ ਸੌਖਾ ਹੋ ਜਾਵੇਗਾ, ਜਿਸ ‘ਤੇ ਭਾਜਪਾ ਵਿਧਾਇਕ ਨੇ ਕਿਹਾ ਕਿ ਉਹ ਇਸ ਮਸਲੇ ‘ਤੇ ਉਨ੍ਹਾਂ ਨਾਲ ਜਾ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਇਸ ਦੌਰਾਨ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਲੀ ਵੱਲੋਂ ਸਦਨ ‘ਚ ਕੀਤੇ ਸਵਾਲ ਦੇ ਜਵਾਬ ਵਿਚ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਰਜਿਸਟਰ ਜਿਨ੍ਹਾਂ ਪਰਿਵਾਰਾਂ ਦੀਆਂ ਲੜਕੀਆਂ ਦਾ ਵਿਆਹ ਹੋ ਜਾਂਦਾ ਹੈ, ਉਨ੍ਹਾਂ ਦਾ ਨਾਂ ਪੇਕੇ ਪਰਿਵਾਰ ਦੇ ਰਾਸ਼ਨ ਕਾਰਡ ਵਿਚੋਂ ਕੱਟਣ ਉਪਰੰਤ ਸਾਰੇ ਪਰਿਵਾਰ ਦੇ ਰਾਸ਼ਨ ਕਾਰਡ ਵਿਚ ਦਰਜ ਕੀਤਾ ਜਾ ਸਕਦਾ ਹੈ, ਬਸ਼ਰਤੇ ਕਿ ਸਾਰੇ ਪਰਿਵਾਰ ਨੇ ਸਮਾਰਟ ਕਾਰਡ ਸਕੀਮ ਤਹਿਤ ਰਾਜ ਵਿਚ ਰਾਸ਼ਨ ਕਾਰਡ ਬਣਾਇਆ ਹੋਵੇ।