ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਜ਼ੋਰ-ਅਜ਼ਮਾਈ ਸ਼ੁਰੂ

513
Share

-‘ਕਿਸਾਨ ਅੰਦੋਲਨ’ ਕਾਰਨ ਸਿਆਸੀ ਪਾਰਟੀਆਂ ਲਈ ਸਥਿਤੀ ਬਣੀ ਗੰਭੀਰ
ਬਾਘਾ ਪੁਰਾਣਾ, 28 ਦਸੰਬਰ (ਪੰਜਾਬ ਮੇਲ)-ਪੰਜਾਬ ਅੰਦਰ ਵਿਧਾਨ ਚੋਣਾਂ ਨੂੰ ਲੈ ਕੇ ਲਗਪਗ ਇਕ ਸਾਲ ਪਹਿਲਾਂ ਹੀ ਸਿਆਸੀ ਪਾਰਟੀਆਂ ਵਲੋਂ ਜ਼ੋਰ ਅਜ਼ਮਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਤੇ ਮਾਹੌਲ ਨੂੰ ਪੂਰੀ ਤਰ੍ਹਾਂ ਗਰਮਾ ਦਿੱਤਾ ਜਾਂਦਾ ਹੈ ਪਰ ਮੌਜੂਦਾ ਸਮੇਂ ਵਿਚ ਸਥਿਤੀ ਬਿਲਕੁਲ ਇਸ ਦੇ ਉਲਟ ਅਤੇ ਸਿਆਸੀ ਪਾਰਟੀਆਂ ਲਈ ਗੰਭੀਰ ਹੈ ਕਿਉਂਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਪੰਜਾਬ ਤੋਂ ਦਿੱਲੀ ਤੱਕ ਪਹੁੰਚ ਗਿਆ ਹੈ। ਇਸ ਅੰਦੋਲਨ ਪ੍ਰਤੀ ਸਭ ਤੋਂ ਵੱਡੀ ਗੱਲ ਦੇਖਣ ਵਿਚ ਇਹ ਆਈ ਹੈ ਕਿ ਇਨ੍ਹਾਂ ਕਾਨੂੰਨਾਂ ਦਾ ਇਕੱਲੇ ਭਾਰਤ ਵਿਚ ਹੀ ਨਹੀਂ, ਸਗੋਂ ਬਾਹਰਲੇ ਮੁਲਕਾਂ ਵਿਚ ਵੀ ਭਾਰੀ ਵਿਰੋਧ ਹੋ ਰਿਹਾ ਹੈ। ਇਸ ਅੰਦੋਲਨ ਨੇ ਜਿੱਥੇ ਕਿਸਾਨ ਮਜ਼ਦੂਰ ਏਕਤਾ ਨੂੰ ਲਾਮਿਸਾਲ ਏਕਤਾ ਦਿੱਤੀ ਹੈ ਤੇ ਅੱਜ ਹਰ ਵਰਗ ਇਸ ਅੰਦੋਲਨ ਦਾ ਹਿੱਸਾ ਬਣਨ ਲਈ ਤਤਪਰ ਹੈ, ਉੱਥੇ ਇਸ ਅੰਦੋਲਨ ਨਾਲ ਪੰਜਾਬ ਅੰਦਰ ਨੇੜੇ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮਾਹੌਲ ਨੂੰ ਫਿੱਕਾ ਕਰ ਦਿੱਤਾ ਹੈ ਕਿਉਂਕਿ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਧਿਰਾਂ ਬਰਫ਼ ਵਿਚ ਲੱਗੀਆਂ ਪਈਆਂ ਹਨ ਤੇ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿਸਾਨ ਅੰਦੋਲਨ ਦੌਰਾਨ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਕਿਸਾਨਾਂ ਨੇ ਨੇੜੇ ਨਹੀਂ ਫਟਕਣ ਦਿੱਤਾ। ਬਾਘਾ ਪੁਰਾਣਾ ਹਲਕੇ ਅੰਦਰ ਆਮ ਆਦਮੀ ਪਾਰਟੀ ਦੁਆਰਾ ਸਿਆਸੀ ਸਰਗਰਮੀ ਨਾਂਹ ਦੇ ਬਰਾਬਰ ਹੈ ਅਤੇ ਹਲਕੇ ਅੰਦਰ ਨਾਮਵਰ ਚਿਹਰਾ ਨਾ ਹੋਣ ਕਰਕੇ ਅਤੇ ਨਾ ਮਾਤਰ ਹੋਈਆਂ ਨਿਯੁਕਤੀਆਂ ਕਾਰਨ ਪਾਰਟੀ ਹਲਕੇ ਅੰਦਰ ਆਪਣੀ ਛਾਪ ਨਹੀਂ ਛੱਡ ਸਕੀ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬੇਸ਼ੱਕ ਪਿਛਲੀਆਂ ਵਿਧਾਨ ਚੋਣਾਂ ਮੌਕੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਮੌਜੂਦਾ ਸਮੇਂ ਵਿਚ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਵਲੋਂ ਲੋਕਾਂ ਨਾਲ ਵੱਡੇ ਪੱਧਰ ’ਤੇ ਰਾਬਤਾ ਬਣਾਇਆ ਜਾ ਰਿਹਾ ਹੈ ਅਤੇ ਹਲਕੇ ਅੰਦਰ ਆਗੂਆਂ ਨੂੰ ਇੱਕੋ ਧਾਗੇ ਵਿਚ ਪਰੋ ਕੇ ਰੱਖਿਆ ਹੋਇਆ ਹੈ ਪਰ ਕਿਸਾਨ ਅੰਦੋਲਨ ਚੱਲਦਾ ਹੋਣ ਕਰਕੇ ਸਿਆਸੀ ਗਤੀਵਿਧੀ ਕਰਨ ਤੋਂ ਪਰਹੇਜ਼ ਕਰ ਰਹੇ ਹਨ। ਸੱਤਾਧਾਰੀ ਕਾਂਗਰਸ ਪਾਰਟੀ ਵਲੋਂ ਹਲਕੇ ਅੰਦਰ ਆਪਣੀ ਹੋਂਦ ਕਾਇਮ ਰੱਖਣ ਲਈ ਵਿਕਾਸ ਕਾਰਜਾਂ ਸਬੰਧੀ ਗ੍ਰਾਂਟਾਂ ਵੰਡੀਆਂ ਜਾ ਰਹੀਆਂ ਹਨ। ਪਾਰਟੀ ਇਨ੍ਹਾਂ ਗ੍ਰਾਂਟਾਂ ਨਾਲ ਲੋਕਾਂ ਨੂੰ ਜਿੱਤਣ ’ਚ ਕਾਮਯਾਬ ਹੁੰਦੀ ਹੈ ਜਾਂ ਨਹੀਂ, ਇਹ ਭਵਿੱਖ ਦੀਆਂ ਚੋਣਾਂ ਹੀ ਤਹਿ ਕਰਨਗੀਆਂ। ਭਵਿੱਖ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕੇ ਅੰਦਰ ਕਿਸੇ ਵੀ ਪਾਰਟੀ ਨੂੰ ਮਜ਼ਬੂਤ ਨਹੀਂ ਕਿਹਾ ਜਾ ਸਕਦਾ ਕਿਉਂਕਿ ਹੁਣ ਸਿਰਫ਼ ਤੇ ਸਿਰਫ਼ ਲੋਕਾਂ ਦਾ ਧਿਆਨ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਵੱਲ ਹੈ ਅਤੇ ਕਿਸੇ ਵੀ ਲੀਡਰ ਨੂੰ ਪਾਰਟੀ ਦੇ ਝੰਡੇ ਹੇਠ ਦੇਖ ਕੇ ਖ਼ੁਸ਼ ਨਹੀਂ।

Share