#PUNJAB

ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ; ਮੀਤ ਹੇਅਰ ਤੋਂ ਤਿੰਨ ਵਿਭਾਗ ਲਏ ਵਾਪਸ

-ਜਲ ਸਰੋਤ ਮਹਿਕਮੇ ਦੀ ਕਮਾਨ ਜੌੜਾਮਾਜਰਾ ਨੂੰ ਸੌਂਪੀ

ਚੰਡੀਗੜ੍ਹ, 22 ਨਵੰਬਰ (ਪੰਜਾਬ ਮੇਲ)- ਪੰਜਾਬ ਮੰਤਰੀ ਮੰਡਲ ‘ਚ ਹੋਏ ਵੱਡੇ ਵਿਭਾਗੀ ਫੇਰਬਦਲ ‘ਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਬਹੁਤੇ ਵਿਭਾਗ ਵਾਪਸ ਲੈ ਲਏ ਗਏ ਹਨ। ‘ਆਪ’ ਸਰਕਾਰ ਨੇ ਅਹਿਮ ਵਿਭਾਗ ਵਾਪਸ ਲੈ ਕੇ ਬਰਨਾਲਾ ਤੋਂ ਦੂਸਰੀ ਦਫ਼ਾ ਵਿਧਾਇਕ ਬਣ ਕੇ ਕੈਬਨਿਟ ਮੰਤਰੀ ਬਣੇ ਮੀਤ ਹੇਅਰ ਨੂੰ ਸਿਆਸੀ ਹਲੂਣਾ ਦਿੱਤਾ ਹੈ। ਮੁੱਖ ਮੰਤਰੀ ਨੇ ਦੋ ਹੋਰ ਨਵੇਂ ਵਿਭਾਗ ਚੇਤਨ ਸਿੰਘ ਜੌੜਾਮਾਜਰਾ ਨੂੰ ਸੌਂਪ ਦਿੱਤੇ ਹਨ। ਵਿਭਾਗੀ ਬਦਲਾਓ ਮਗਰੋਂ ਹੁਣ ਸੂਬੇ ਨੂੰ ਕਰੀਬ ਪੌਣੇ ਦੋ ਸਾਲ ਦੇ ਅਰਸੇ ਦੌਰਾਨ ਚੌਥਾ ਜਲ ਸਰੋਤ ਮੰਤਰੀ ਮਿਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ‘ਚ ਫੇਰਬਦਲ ਦੀ ਤਜਵੀਜ਼ ਪੇਸ਼ ਕੀਤੀ ਸੀ, ਜਿਸ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮਨਜ਼ੂਰੀ ਦਿੱਤੀ ਹੈ। ਵਜ਼ਾਰਤ ਵਿਚ ਹੋਏ ਵਿਭਾਗੀ ਫੇਰਬਦਲ ਵਿਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਖਾਣਾਂ ਤੇ ਭੂ-ਵਿਗਿਆਨ ਅਤੇ ਜਲ ਸਰੋਤ ਵਿਭਾਗ ਵਾਪਸ ਲੈ ਕੇ ਇਹ ਦੋਵੇਂ ਵਿਭਾਗ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਦੇ ਦਿੱਤੇ ਗਏ ਹਨ।
ਵਜ਼ਾਰਤੀ ਫੇਰਬਦਲ ‘ਚ ਮੀਤ ਹੇਅਰ ਤੋਂ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੀ ਵਾਪਸ ਲੈ ਲਿਆ ਗਿਆ ਹੈ ਅਤੇ ਹੁਣ ਇਹ ਵਿਭਾਗ ਮੁੱਖ ਮੰਤਰੀ ਕੋਲ ਰਹੇਗਾ। ਗੁਰਮੀਤ ਸਿੰਘ ਮੀਤ ਹੇਅਰ ਕੋਲ ਹੁਣ ਸਿਰਫ਼ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਰਹਿ ਗਿਆ ਹੈ। ਮੀਤ ਹੇਅਰ ਤੋਂ ਤਿੰਨ ਵਿਭਾਗ ਵਾਪਸ ਲੈਣ ਦੇ ਕਾਰਨਾਂ ਦਾ ਹਾਲੇ ਭੇਤ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਹੋਏ ਫੇਰਬਦਲ ਮੌਕੇ ਗੁਰਮੀਤ ਸਿੰਘ ਮੀਤ ਹੇਅਰ ਤੋਂ ਸਿੱਖਿਆ ਵਿਭਾਗ ਵਾਪਸ ਲਿਆ ਗਿਆ ਸੀ। ਮੀਤ ਹੇਅਰ ਤੋਂ ਦੋ ਦਫ਼ਾ ਵਿਭਾਗ ਵਾਪਸ ਲਏ ਗਏ ਹਨ। ਨਵੇਂ ਫੇਰਬਦਲ ਮਗਰੋਂ ਹੁਣ ਮੁੱਖ ਮੰਤਰੀ ਕੋਲ 11 ਵਿਭਾਗ ਹੋ ਗਏ ਹਨ, ਜਦੋਂਕਿ ਚੇਤਨ ਸਿੰਘ ਜੌੜਾਮਾਜਰਾ ਕੋਲ ਵਿਭਾਗਾਂ ਦੀ ਗਿਣਤੀ ਸੱਤ ਹੋ ਗਈ ਹੈ। ਜੌੜਾਮਾਜਰਾ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਚੌਥੇ ਜਲ ਸਰੋਤ ਮੰਤਰੀ ਹਨ। ਸਭ ਤੋਂ ਪਹਿਲਾਂ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਬਣੇ ਸਨ ਅਤੇ ਉਸ ਮਗਰੋਂ ਇਹ ਵਿਭਾਗ ਹਰਜੋਤ ਸਿੰਘ ਬੈਂਸ ਨੂੰ ਦੇ ਦਿੱਤਾ ਗਿਆ ਸੀ। ਮਗਰੋਂ ਇਹ ਵਿਭਾਗ ਮੀਤ ਹੇਅਰ ਨੂੰ ਦੇ ਦਿੱਤਾ ਗਿਆ ਸੀ। ਕੈਬਨਿਟ ਮੰਤਰੀ ਜੌੜਾਮਾਜਰਾ ਕੋਲ ਪਹਿਲਾਂ ਸਿਹਤ ਵਿਭਾਗ ਸੀ, ਜੋ ਉਨ੍ਹਾਂ ਤੋਂ ਵਾਪਸ ਲੈ ਕੇ ਡਾ. ਬਲਵੀਰ ਸਿੰਘ ਨੂੰ ਸਿਹਤ ਮੰਤਰੀ ਬਣਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਹੋਏ ਵਜ਼ਾਰਤੀ ਫੇਰਬਦਲ ‘ਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਦੋ ਅਹਿਮ ਖੇਤੀ ਵਿਭਾਗ ਅਤੇ ਪੰਚਾਇਤ ਵਿਭਾਗ ਵਾਪਸ ਲੈ ਲਏ ਗਏ ਸਨ। ‘ਆਪ’ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ 20 ਮਹੀਨਿਆਂ ਦੌਰਾਨ ਹੁਣ ਤੱਕ ਕੈਬਨਿਟ ‘ਚੋਂ ਤਿੰਨ ਵਜ਼ੀਰਾਂ ਵਿਜੈ ਸਿੰਗਲਾ, ਫੌਜਾ ਸਿੰਘ ਸਰਾਰੀ ਅਤੇ ਇੰਦਰਬੀਰ ਸਿੰਘ ਨਿੱਝਰ ਦੀ ਛਾਂਟੀ ਕੀਤੀ ਜਾ ਚੁੱਕੀ ਹੈ। ਸਿਆਸੀ ਹਲਕਿਆਂ ਨੂੰ ਵਜ਼ਾਰਤੀ ਫੇਰਬਦਲ ਨੇ ਹੈਰਾਨੀ ਵਿਚ ਪਾ ਦਿੱਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਕਿਹਾ ਕਿ ਮੀਤ ਹੇਅਰ ਤੋਂ ਕਿਸੇ ਖ਼ਾਸ ਵਜ੍ਹਾ ਕਰਕੇ ਮਹਿਕਮੇ ਵਾਪਸ ਨਹੀਂ ਲਏ ਗਏ, ਬਲਕਿ ਮੀਤ ਹੇਅਰ ਨਾਲ ਸਲਾਹ-ਮਸ਼ਵਰਾ ਕਰਕੇ ਹੀ ਫੇਰਬਦਲ ਕੀਤਾ ਗਿਆ ਹੈ।