ਜਲੰਧਰ, 23 ਸਤੰਬਰ (ਪੰਜਾਬ ਮੇਲ)- ਭਾਰਤੀ ਜਨਤਾ ਪਾਰਟੀ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਕਈ ਤਜ਼ਰਬੇ ਕਰ ਰਹੀ ਹੈ। ਇਨ੍ਹਾਂ ਤਜ਼ਰਬਿਆਂ ਦਾ ਪਾਰਟੀ ਨੂੰ ਫਾਇਦਾ ਹੋਇਆ ਜਾਂ ਨਾ ਹੋਇਆ ਹੋਵੇ, ਪਰ ਇਸ ਦਾ ਨੁਕਸਾਨ ਹੁੰਦਾ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਦੂਜੀਆਂ ਪਾਰਟੀਆਂ ਤੋਂ ਲਿਆ ਕੇ ਭਾਜਪਾ ‘ਚ ਕਈ ਆਗੂਆਂ ਨੂੰ ਅਹਿਮ ਅਹੁਦਿਆਂ ‘ਤੇ ਬਿਠਾਇਆ ਗਿਆ, ਪਰ ਇਸ ਦੇ ਬਾਵਜੂਦ ਪਾਰਟੀ ਨੂੰ ਪੰਜਾਬ ਵਿਚ ਕੋਈ ਸਫ਼ਲਤਾ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਇਸ ਸਭ ਦੇ ਵਿਚਕਾਰ ਪੰਜਾਬ ਵਿਚ ਭਾਜਪਾ ਦੇ ਟਕਸਾਲੀ ਆਗੂਆਂ ਦਾ ਗੁੱਸਾ ਭੜਕਣ ਲੱਗਾ ਹੈ, ਜਿਸ ਕਾਰਨ ਪਾਰਟੀ ਨੂੰ ਭਵਿੱਖ ਵਿਚ ਨੁਕਸਾਨ ਉਠਾਉਣਾ ਪੈ ਸਕਦਾ ਹੈ। ਖਾਸ ਤੌਰ ‘ਤੇ ਪਾਰਟੀ ਦੇ ਕਈ ਅਹਿਮ ਅਹੁਦਿਆਂ ‘ਤੇ ਰਹਿ ਚੁੱਕੇ ਭਾਜਪਾ ਦੇ ਸੀਨੀਅਰ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ ਦੀਆਂ ਤਿੱਖੀਆਂ ਟਿੱਪਣੀਆਂ ਨੇ ਪਾਰਟੀ ਦੀਆਂ ਨੀਤੀਆਂ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਦਿੱਤਾ ਹੈ।
ਗਰੇਵਾਲ ਨੇ ਸਿੱਧੇ ਤੌਰ ‘ਤੇ ਦੋਸ਼ ਲਗਾਏ ਹਨ ਕਿ ਪੰਜਾਬ ‘ਚ ਭਾਜਪਾ ਦੀ ਕਮਾਨ ਕਾਂਗਰਸ ਦੇ ਉਨ੍ਹਾਂ ਆਗੂਆਂ ਦੇ ਹੱਥਾਂ ‘ਚ ਹੈ, ਜੋ ਸਿਰਫ ਖੁਦ ਨੂੰ ਬਚਾਉਣ ਲਈ ਭਾਜਪਾ ‘ਚ ਸ਼ਾਮਲ ਹੋਏ ਸਨ। ਪਾਰਟੀ ਨਾਲ ਵਰ੍ਹਿਆਂ ਤੋਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣ ਵਾਲੇ ਟਕਸਾਲੀ ਭਾਜਪਾ ਆਗੂਆਂ ਨੂੰ ਪੂਰੀ ਤਰ੍ਹਾਂ ਦਰਕਿਨਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੈਡਰ ਦੀ ਇਹ ਅਣਦੇਖੀ ਬਰਦਾਸ਼ਤ ਤੋਂ ਬਾਹਰ ਹੁੰਦੀ ਜਾ ਰਹੀ ਹੈ ਅਤੇ ਉਹ ਪਹਿਲਾਂ ਵੀ ਪਾਰਟੀ ਅੱਗੇ ਅਜਿਹੇ ਮੁੱਦੇ ਉਠਾਉਂਦੇ ਰਹੇ ਹਨ ਅਤੇ ਹੁਣ ਵੀ ਟਕਸਾਲੀ ਆਗੂਆਂ ਦੀ ਅਣਦੇਖੀ ਵਿਰੁੱਧ ਆਪਣਾ ਰੋਸ ਜਾਰੀ ਰੱਖਣਗੇ।
ਗਰੇਵਾਲ ਨੇ ਕਿਹਾ ਕਿ ਭਾਜਪਾ ਦਾ ਕਾਂਗਰਸੀਕਰਨ ਹੋ ਰਿਹਾ ਹੈ। ਹੁਣ ਉਨ੍ਹਾਂ ਪੁਰਾਣੇ ਆਗੂਆਂ ਨੂੰ ਕੋਈ ਨਹੀਂ ਪੁੱਛ ਰਿਹਾ, ਜਿਨ੍ਹਾਂ ਨੇ ਆਪਣੇ ਖੂਨ-ਪਸੀਨੇ ਨਾਲ ਪਾਰਟੀ ਨੂੰ ਪਾਲਿਆ ਸੀ। ਮਦਨ ਮੋਹਨ ਮਿੱਤਲ, ਮਾਸਟਰ ਮੋਹਨ ਲਾਲ, ਲਕਸ਼ਮੀਕਾਂਤ ਚਾਵਲਾ, ਅਵਿਨਾਸ਼ ਰਾਏ ਖੰਨਾ, ਤੀਕਸ਼ਨ ਸੂਦ, ਮਨੋਰੰਜਨ ਕਾਲੀਆ, ਹਰਜੀਤ ਸਿੰਘ ਗਰੇਵਾਲ, ਸੁਰਜੀਤ ਕੁਮਾਰ ਜਿਆਣੀ, ਸੋਮ ਪ੍ਰਕਾਸ਼ ਵਰਗੇ ਕੁਝ ਨਾਂ ਹਨ, ਜਿਨ੍ਹਾਂ ਨੂੰ ਪਾਰਟੀ ਨੂੰ ਯਾਦ ਰੱਖਣੇ ਚਾਹੀਦੇ ਹਨ। ਇਨ੍ਹਾਂ ਲੋਕਾਂ ਨੇ ਪੰਜਾਬ ਵਿਚ ਅੱਤਵਾਦ ਦੇ ਦੌਰ ਦਾ ਸਾਹਮਣਾ ਕੀਤਾ ਹੈ ਅਤੇ ਪਾਰਟੀ ਨੂੰ ਜ਼ਿੰਦਾ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਅਜਿਹੇ ਸੀਨੀਅਰ ਆਗੂਆਂ ਨੂੰ ਇਸ ਤਰ੍ਹਾਂ ਖੁੱਡੇਲਾਈਨ ਲਗਾ ਦਿੱਤਾ ਹੈ, ਜਿਵੇਂ ਘਰ ਦਾ ਕੋਈ ਪੁਰਾਣਾ ਸਾਮਾਨ ਅਕਸਰ ਸਟੋਰ ਜਾਂ ਘਰ ਦੇ ਕਿਸੇ ਕੋਨੇ ਵਿਚ ਰੱਖ ਦਿੱਤਾ ਜਾਂਦਾ ਹੈ।
ਗਰੇਵਾਲ ਨੇ ਕਿਹਾ ਕਿ ਮਦਨ ਮੋਹਨ ਮਿੱਤਲ ਨੂੰ ਪੰਜਾਬ ਭਾਜਪਾ ਦੀ ਕਮਾਨ ਸੰਭਾਲਣ ਦੀ ਜਿੰਮੇਵਾਰੀ ਅਜਿਹੇ ਸਮੇਂ ਵਿਚ ਸੌਂਪੀ ਗਈ ਸੀ, ਜਦੋਂ ਅੱਤਵਾਦ ਦਾ ਦੌਰ ਸੀ ਅਤੇ ਕੋਈ ਵੀ ਭਾਜਪਾ ਵਰਗੀ ਪਾਰਟੀ ਲਈ ਘਰ ਤੋਂ ਨਿਕਲਣ ਦੀ ਹਿੰਮਤ ਨਹੀਂ ਕਰ ਪਾਉਂਦਾ ਸੀ। ਪਰ ਮਿੱਤਲ ਨੇ ਇਸ ਜ਼ਿੰਮੇਵਾਰੀ ਨੂੰ ਬੜੀ ਮਿਹਨਤ ਨਾਲ ਨਿਭਾਇਆ ਸੀ।
ਉਨ੍ਹਾਂ ਕਿਹਾ ਕਿ ਅਸਲ ਤਰਜੀਹ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਰਟੀ ਲਈ ਕੰਮ ਕੀਤਾ, ਨਾ ਕਿ ਉਨ੍ਹਾਂ ਲੋਕਾਂ ਨੂੰ ਜੋ ਆਪਣੀ ਜਾਨ ਬਚਾਉਣ ਲਈ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪਾਰਟੀ ਲਈ ਸਖ਼ਤ ਮਿਹਨਤ ਕਰਨ ਵਾਲੇ ਅਸਲੀ ਭਾਜਪਾਈ ਹਨ ਨਾ ਕਿ ਦੂਜੀਆਂ ਪਾਰਟੀਆਂ ਤੋਂ ਆ ਕੇ ਉੱਚੀਆਂ ਸੀਟਾਂ ‘ਤੇ ਬੈਠੇ ਲੋਕ।
ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੇ ਮੁੱਦੇ ‘ਤੇ ਗਰੇਵਾਲ ਨੇ ਪਾਰਟੀ ਹਾਈਕਮਾਂਡ ‘ਤੇ ਹੀ ਸਵਾਲ ਚੁੱਕੇ ਹਨ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਭਾਜਪਾ ਨੂੰ ਅਜਿਹੇ ਲੋਕਾਂ ਨੂੰ ਟਿਕਟ ਨਹੀਂ ਦੇਣੀ ਚਾਹੀਦੀ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਜਿਸ ਪਾਰਟੀ ‘ਚ ਕੰਮ ਕਰ ਰਹੇ ਹਨ, ਉਹ ਕਿੰਨੀ ਅਨੁਸ਼ਾਸਨਾਤਮਕ ਪਾਰਟੀ ਹੈ। ਬਿਨਾ ਪਾਰਟੀ ਦੀਆਂ ਨੀਤੀਆਂ ਨੂੰ ਧਿਆਨ ‘ਚ ਰੱਖਦੇ ਹੋਏ ਅਜਿਹੇ ਲੋਕਾਂ ਦੀ ਬੇਲੋੜੀ ਬਿਆਨਬਾਜ਼ੀ ਕਾਰਨ ਭਾਜਪਾ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਕਿਸਾਨਾਂ ਦੇ ਬੱਚੇ ਹੀ ਸਰਹੱਦਾਂ ‘ਤੇ ਦੇਸ਼ ਦੀ ਰਾਖੀ ਲਈ ਲੱਗੇ ਹੋਏ ਹਨ।