#PUNJAB

ਪੰਜਾਬ ਪੁਲਿਸ ਵੱਲੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦੇ International ਰੈਕੇਟ ਦਾ ਪਰਦਾਫਾਸ਼

-19 ਕਿਲੋ ਹੈਰੋਇਨ, 7 ਪਿਸਤੌਲ ਅਤੇ 23 ਲੱਖ ਰੁਪਏ ਡਰੱਗ ਮਨੀ ਸਮੇਤ ਦੋ ਕਾਬੂ
-ਅਮਰੀਕਾ ਆਧਾਰਿਤ ਮਨਪ੍ਰੀਤ ਉਰਫ ਮੰਨੂ ਮਹਾਵਾ ਵੱਲੋਂ ਚਲਾਇਆ ਜਾ ਰਿਹਾ ਸੀ ਰੈਕੇਟ: ਡੀ.ਜੀ.ਪੀ. ਗੌਰਵ ਯਾਦਵ

ਅੰਮ੍ਰਿਤਸਰ, 1 ਜਨਵਰੀ (ਪੰਜਾਬ ਮੇਲ)- ਅਮਰੀਕਾ ਆਧਾਰਿਤ ਤਸਕਰ ਮਨਪ੍ਰੀਤ ਉਰਫ਼ ਮੰਨੂ ਮਹਾਵਾ ਵੱਲੋਂ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਅੰਮ੍ਰਿਤਸਰ ਤੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਉਰਫ਼ ਲਾਡੀ ਵਾਸੀ ਗੁਰੂ ਕੀ ਵਡਾਲੀ, ਅੰਮ੍ਰਿਤਸਰ ਅਤੇ ਰੌਸ਼ਨ ਵਾਸੀ ਹੀਰ, ਅੰਮ੍ਰਿਤਸਰ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ 19 ਕਿਲੋ ਹੈਰੋਇਨ, 23 ਲੱਖ ਰੁਪਏ ਦੀ ਡਰੱਗ ਮਨੀ, 7 ਪਿਸਤੌਲ ਜਿਨ੍ਹਾਂ ਵਿਚ ਇੱਕ 9 ਐੱਮ.ਐੱਮ. ਦੀ ਅਤਿ-ਆਧੁਨਿਕ ਗਲੌਕ ਪਿਸਟਲ, ਤਿੰਨ .30 ਬੋਰ ਦੇ ਪਿਸਤੌਲ ਅਤੇ ਤਿੰਨ .32 ਬੋਰ ਦੇ ਪਿਸਤੌਲ ਸ਼ਾਮਲ ਹਨ, ਤੋਂ ਇਲਾਵਾ ਪਾਕਿਸਤਾਨ ਦੀ ਮੋਹਰ ਵਾਲਾ ਗੋਲੀ-ਸਿੱਕਾ, ਨੋਟ ਗਿਣਨ ਵਾਲੀ ਮਸ਼ੀਨ ਅਤੇ ਡਰੋਨ ਦਾ ਰਿਮੋਟ ਕੰਟਰੋਲਰ ਅਤੇ ਸਪੇਅਰ ਪੱਖੇ ਵੀ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਪੁਲਿਸ ਨੇ ਉਨ੍ਹਾਂ ਦੀ ਹੁੰਡਈ ਵਰਨਾ ਕਾਰ (ਪੀ.ਬੀ.06 ਬੀਬੀ 4064), ਜਿਸ ‘ਚ ਉਹ ਹੈਰੋਇਨ ਦੀ ਖੇਪ ਸਪਲਾਈ ਕਰਨ ਜਾ ਰਹੇ ਸਨ, ਵੀ ਜ਼ਬਤ ਕਰ ਲਈ ਹੈ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਅਮਰੀਕਾ ਆਧਾਰਿਤ ਤਸਕਰ ਮੰਨੂ ਮਹਾਵਾ ਦੇ ਸਿੱਧੇ ਸੰਪਰਕ ਵਿਚ ਸਨ ਅਤੇ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਕਰਕੇ ਸੂਬੇ ਭਰ ਵਿਚ ਇਸਨੂੰ ਸਪਲਾਈ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਮੁਲਜ਼ਮਾਂ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਤੋਂ ਇਲਾਵਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀਆਂ ਟੀਮਾਂ ਇਸ ਮਾਮਲੇ ਦੀ ਵਿੱਤੀ ਨਜ਼ਰੀਏ ਤੋਂ ਜਾਂਚ ਵੀ ਕਰ ਰਹੀਆਂ ਹਨ, ਤਾਂ ਜੋ ਹਵਾਲਾ ਲਿੰਕਾਂ ਅਤੇ ਜਾਇਦਾਦ ਦੇ ਵੇਰਵਿਆਂ ਬਾਰੇ ਪਤਾ ਕਰਕੇ ਉਨ੍ਹਾਂ ਨੂੰ ਫਰੀਜ਼ ਕੀਤਾ ਜਾ ਸਕੇ।
ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਟੀਮਾਂ ਨੂੰ ਠੋਸ ਸੂਚਨਾ ਮਿਲੀ ਸੀ ਕਿ ਤਸਕਰ ਮੰਨੂ ਮਹਾਵਾ ਦੇ ਸਾਥੀਆਂ ਨੇ ਸਰਹੱਦ ਪਾਰੋਂ ਪਾਕਿਸਤਾਨ ਅਧਾਰਤ ਸਮੱਗਲਰਾਂ ਵੱਲੋਂ ਭੇਜੀ ਗਈ ਹੈਰੋਇਨ ਦੀ ਖੇਪ ਹਾਸਲ ਕਰ ਲਈ ਹੈ ਅਤੇ ਉਹ ਕਿਸੇ ਵਿਅਕਤੀ ਨੂੰ ਇਸਦੀ ਸਪਲਾਈ ਕਰਨ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਤੁਰੰਤ ਕਾਰਵਾਈ ਕਰਦਿਆਂ ਡੀ.ਸੀ.ਪੀ. ਹਰਪ੍ਰੀਤ ਮੰਧੇਰ, ਏ.ਡੀ.ਸੀ.ਪੀ. ਸਿਟੀ-3 ਅਭਿਮਨਿਊ ਰਾਣਾ ਅਤੇ ਏ.ਸੀ.ਪੀ. ਸੈਂਟਰਲ ਸੁਰਿੰਦਰ ਕੁਮਾਰ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ-3 ਦੀਆਂ ਪੁਲਿਸ ਟੀਮਾਂ ਨੇ ਇਸਲਾਮਾਬਾਦ ਦੇ ਇਲਾਕੇ ਵਿਚ ਵਿਸ਼ੇਸ਼ ਪੁਲਿਸ ਚੈਕਿੰਗ ਕੀਤੀ ਅਤੇ ਦੋਵਾਂ ਮੁਲਜ਼ਮਾਂ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਖੇਪ ਦੀ ਸਪਲਾਈ ਲਈ ਨਿਰਧਾਰਿਤ ਵਿਅਕਤੀ ਦੀ ਉਡੀਕ ਕਰ ਰਹੇ ਸਨ।
ਸੀ.ਪੀ. ਭੁੱਲਰ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਵੱਲੋਂ ਹੁਣ ਤੱਕ ਹਾਸਲ ਕੀਤੀਆਂ ਗਈਆਂ ਨਸ਼ੇ ਅਤੇ ਹਥਿਆਰਾਂ ਦੀਆਂ ਖੇਪਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇਸ ਸਬੰਧੀ ਅੰਮ੍ਰਿਤਸਰ ਦੇ ਪੁਲਿਸ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21 ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਇੱਕ ਐਫ.ਆਈ.ਆਰ. ਨੰ. 298 ਮਿਤੀ 31.12.2023 ਦਰਜ ਹੈ।