– ਜੱਸਾ ਹੈਪੋਵਾਲ ਮਾਂ-ਧੀ ਦੇ ਸਨਸਨੀਖੇਜ਼ ਦੋਹਰੇ ਕਤਲ ਸਮੇਤ ਕਤਲ ਦੇ ਛੇ ਮਾਮਲਿਆਂ ਵਿੱਚ ਲੋੜੀਂਦਾ ਸੀ: ਡੀਜੀਪੀ ਗੌਰਵ ਯਾਦਵ
– ਮਾਮਲੇ ਅਗਲੇਰੀ ਜਾਂਚ ਜਾਰੀ: ਏਆਈਜੀ ਸੀਆਈ ਨਵਜੋਤ ਸਿੰਘ ਮਾਹਲ
ਚੰਡੀਗੜ੍ਹ/ਜਲੰਧਰ, 30 ਨਵੰਬਰ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਬਦਨਾਮ ਗੈਂਗਸਟਰ ਕਰਨਜੀਤ ਸਿੰਘ ਉਰਫ਼ ਜੱਸਾ ਹੈਪੋਵਾਲ, ਜੋ ਵਿਦੇਸ਼ੀ ਗੈਂਗਸਟਰ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸਾ ਮੋਹਣਵਾਲੀਆ ਦਾ ਸੰਚਾਲਕ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਗੈਂਗਸਟਰ ਜੱਸਾ ਹੈਪੋਵਾਲ ਪਿਛਲੇ ਮਹੀਨੇ ਜਲੰਧਰ ਦਿਹਾਤੀ ਦੇ ਪਿੰਡ ਭੋਜੋਵਾਲ ਵਿੱਚ ਵਾਪਰੇ ਇੱਕ ਮਾਂ-ਧੀ ਦੇ ਸਨਸਨੀਖੇਜ਼ ਦੋਹਰੇ ਕਤਲ, ਜਿਸ ਵਿੱਚ ਦੋਸ਼ੀ ਨੇ ਦੋਵੇਂ ਮ੍ਰਿਤਕ ਔਰਤਾਂ ਨੂੰ ਅੱਗ ਲਗਾਉਣ ਤੋਂ ਪਹਿਲਾਂ ਉਨ੍ਹਾਂ ਦੇ ਸਰੀਰ ਅਤੇ ਚਿਹਰੇ ‘ਤੇ ਮਿੱਟੀ ਦਾ ਤੇਲ ਪਾ ਦਿੱਤਾ ਸੀ, ਤੋਂ ਇਲਾਵਾ ਹੋਰ ਘਿਨਾਉਣੇ ਅਪਰਾਧਾਂ ਸਮੇਤ ਘੱਟੋ-ਘੱਟ ਛੇ ਕਤਲ ਕੇਸਾਂ ਵਿੱਚ ਲੋੜੀਂਦਾ ਸੀ।
ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ‘ਚੋਂ .30 ਬੋਰ ਅਤੇ .32 ਬੋਰ ਦੀਆਂ ਦੋ ਪਿਸਤੌਲਾਂ ਸਮੇਤ ਦੋ ਮੈਗਜ਼ੀਨਾਂ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ। ਇਸ ਤੋਂ ਇਲਾਵਾ ਉਸ ਦੇ ਬਿਨਾਂ ਰਜਿਸਟ੍ਰੇਸ਼ਨ ਨੰਬਰ ਪਲੇਟ ਵਾਲੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਨੂੰ ਵੀ ਜ਼ਬਤ ਕੀਤਾ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਨੂੰ ਭਰੋਸੇਯੋਗ ਸੂਹ ਮਿਲੀ ਸੀ ਕਿ ਜੱਸਾ ਹੈਪੋਵਾਲ ਆਪਣੇ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ‘ਤੇ ਮਿੱਥ ਕੇ ਕਤਲ ਦੀਆਂ 3-4 ਘਟਨਾਵਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਿਹਾ ਹੈ ਅਤੇ ਆਪਣੇ ਅਗਲੇ ਟਾਰਗੇਟਾਂ ਵਿੱਚੋਂ ਇੱਕ ਦੀ ਰੇਕੀ ਕਰਨ ਜਾ ਰਿਹਾ ਹੈ, ਇਸ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਜਲੰਧਰ ਦੀਆਂ ਟੀਮਾਂ ਨੇ ਯੋਜਨਾਬੱਧ ਢੰਗ ਨਾਲ ਜਲੰਧਰ ਦੇ ਬਾਹਰਵਾਰ ਉਸ ਦਾ ਮੋਟਰਸਾਈਕਲ ਨੂੰ ਰੋਕ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੀਆਈ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਜੱਸਾ ਹੈਪੋਵਾਲ ਨੇ ਛੇ ਕਤਲ ਕੇਸਾਂ ਅਤੇ ਇਰਾਦਾ ਕਤਲ, ਕਾਰ ਖੋਹਣ ਅਤੇ ਵੈਸਟਰਨ ਯੂਨੀਅਨਾਂ ਨੂੰ ਲੁੱਟਣ ਸਮੇਤ ਹੋਰ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਸ ਸੰਬਧੀ ਐਫਆਈਆਰ ਨੰਬਰ 52 ਮਿਤੀ 30.11.2023 ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 384, 153, 153ਏ ਅਤੇ 120ਬੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25(7) ਤਹਿਤ ਥਾਣਾ ਐਸਐਸਓਸੀ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।