ਜਲੰਧਰ, 31 ਅਗਸਤ (ਪੰਜਾਬ ਮੇਲ)- ਜਲੰਧਰ ‘ਚ ਬਬਰੀਕ ਚੌਂਕ ਦੇ ਕੋਲ ਪੰਜਾਬ ਪੁਲਿਸ ਦੇ ਇਕ ਸੁਰੱਖਿਆ ਗਾਰਡ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਮਣੀਕ ਸਿੰਘ ਵਜੋਂ ਹੋਈ ਹੈ, ਜੋ ਕਿ ਜਲੰਧਰ ਦੇ ਰਾਮ ਦਾਸ ਨਗਰ ਦੇ ਰਹਿਣ ਵਾਲੇ ਸਨ। ਰਮਣੀਕ ਸਿੰਘ ਆਪਣੀ ਸਰਕਾਰੀ ਕਾਰਬਾਈਨ ਸਾਫ਼ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰਬਾਈਨ ਨਾਲ ਗੋਲੀ ਚੱਲ ਗਈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਵਿਚ ਭੇਜ ਦਿੱਤਾ ਹੈ। ਦੱਸ ਦੇਈਏ ਕਿ ਰਮਣੀਕ ਸਿੰਘ 3 ਧੀਆਂ ਦੇ ਪਿਤਾ ਸਨ।
ਜਾਣਕਾਰੀ ਮੁਤਾਬਕ ਘਟਨਾ ਬਬਰੀਕ ਚੌਂਕ ਦੇ ਕੋਲ ਸਥਿਤ ਰਿੰਕੂ ਪੰਡਿਤ ਦੇ ਘਰ ਦੀ ਹੈ। ਸ਼ੁੱਕਰਵਾਰ ਸਵੇਰੇ ਉਹ ਆਪਣੀ ਕਾਰਬਾਈਨ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀਆਂ ਚੱਲ ਗਈਆਂ। ਜਦੋਂ ਘਰ ‘ਚ ਮੌਜੂਦ ਪਰਿਵਾਰ ਮੌਕੇ ‘ਤੇ ਪਹੁੰਚਿਆ ਤਾਂ ਵੇਖਿਆ ਕਿ ਰਮਣੀਕ ਸਿੰਘ ਖ਼ੂਨ ਨਾਲ ਲਥਪਥ ਪਏ ਸਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਜਾਂਚ ‘ਚ ਪਤਾ ਲੱਗਾ ਕਿ ਗੋਲੀਆਂ ਉਨ੍ਹਾਂ ਦੀ ਗਰਦਨ ਦੇ ਹੇਠਲੇ ਹਿੱਸੇ ‘ਚ ਲੱਗੀਆਂ ਸਨ। ਗੋਲੀਆਂ ਲੱਗਣ ਨਾਲ ਰਮਣੀਕ ਦੇ ਸਿਰ ਵਿਚੋਂ ਗੋਲੀਆਂ ਨਿਕਲ ਗਈਆਂ ਸਨ। ਘਟਨਾ ਵਾਲੀ ਥਾਂ ‘ਤੇ ਰਮਣੀਕ ਦੇ ਨਾਲ ਗੰਨਮੈਨ ਵੀ ਮੌਜੂਦ ਸੀ, ਜਿਸ ਨੇ ਸਭ ਤੋਂ ਪਹਿਲਾਂ ਆਪਣੇ ਵਿਭਾਗ ਨੂੰ ਸੂਚਿਤ ਕੀਤਾ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਤੁਰੰਤ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਲਦ ਹੀ ਮ੍ਰਿਤਕ ਦੀ ਪਤਨੀ ਪੂਜਾ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕਰੇਗੀ। ਇਸ ਦੌਰਾਨ ਏ.ਸੀ.ਪੀ. ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਰਮਣੀਕ ਸਿੰਘ ਕਾਂਸਟੇਬਲ ਵਜੋਂ ਤਾਇਨਾਤ ਸੀ। ਰਮਣੀਕ ਸਿੰਘ ਪਹਿਲਾਂ ਪੀ.ਏ.ਪੀ. ਵਿਚ ਤਾਇਨਾਤ ਸੀ ਪਰ ਉਹ 2 ਦਿਨ ਪਹਿਲਾਂ ਹੀ ਰਿੰਕੂ ਦੀ ਸੁਰੱਖਿਆ ਲਈ ਆਇਆ ਸੀ। ਅਜਿਹਾ ਇਸ ਲਈ ਕਿਉਂਕਿ ਰਿੰਕੂ ਦਾ ਇਕ ਗੰਨਮੈਨ ਕਿਸੇ ਕੰਮ ਲਈ ਵਿਦੇਸ਼ ਗਿਆ ਹੋਇਆ ਸੀ। ਰਮਣੀਕ ਦੀ ਗਰਦਨ ‘ਤੇ ਤਿੰਨ ਗੋਲੀਆਂ ਲੱਗੀਆਂ ਸਨ। ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਤੋਂ ਸੈਂਪਲ ਵੀ ਲਏ ਹਨ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।