#PUNJAB

ਪੰਜਾਬ ਦੇ IELTS ਕਾਲਜ ਬੰਦ ਹੋਣ ਕੰਢੇ!

ਲੁਧਿਆਣਾ, 19 ਮਾਰਚ (ਪੰਜਾਬ ਮੇਲ)- ਅਮਰੀਕਾ, ਕੈਨੇਡਾ ਹੋਰਨਾਂ ਮੁਲਕਾਂ ਵਿਚ ਵੀ Student ਵੀਜ਼ੇ ‘ਤੇ ਕਾਫੀ ਸਖਤੀ ਹੋ ਗਈ ਹੈ। ਇਸ ਕਰਕੇ ਪੰਜਾਬ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ। ਕੈਨੇਡਾ ਸਰਕਾਰ ਨੇ ਇਸ ਸੰਬੰਧੀ ਆਪਣੇ ਨੀਤੀਆਂ ਵਿਚ ਤਬਦੀਲੀ ਕਰਦੇ ਹੋਏ ਪਿਛਲੇ ਵਰ੍ਹੇ ਤੋਂ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ‘ਚ ਕਮੀ ਲਿਆਂਦੀ ਹੈ। ਜਿਹੜੇ ਵਿਦਿਆਰਥੀ ਕੈਨੇਡਾ ‘ਚ ਪਹਿਲਾਂ ਤੋਂ ਪੜ੍ਹ ਰਹੇ ਹਨ, ਉਨ੍ਹਾਂ ਨੂੰ ਵੀ ਆਪਣਾ ਭਵਿੱਖ ਹੁਣ ਧੁੰਦਲਾ ਨਜ਼ਰ ਆ ਰਿਹਾ ਹੈ। ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਨੂੰ ਹੁਣ ਪਹਿਲਾਂ ਵਾਂਗ ਪੱਕੇ ਕਰਨ ਤੋਂ ਜਵਾਬ ਦੇ ਦਿੱਤਾ ਹੈ, ਜਿਸ ਕਾਰਨ ਵਿਦਿਆਰਥੀਆਂ ਦਾ ਮੋਹ ਕੈਨੇਡਾ ਤੋਂ ਲਗਭਗ ਖਤਮ ਹੋ ਗਿਆ ਹੈ।
ਇਸੇ ਤਰ੍ਹਾਂ ਅਮਰੀਕਾ ਵਿਚ ਵੀ ਟਰੰਪ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ‘ਤੇ ਕਾਫੀ ਸ਼ਿਕੰਜਾ ਕੱਸਿਆ ਗਿਆ ਹੈ, ਜਿਸ ਕਰਕੇ ਇਸ ਦੇਸ਼ ‘ਤੇ ਵੀ ਪੰਜਾਬ ਦੇ ਵਿਦਿਆਰਥੀ ਬਹੁਤਾ ਧਿਆਨ ਨਹੀਂ ਦੇ ਰਹੇ।
ਇਨ੍ਹਾਂ ਦੇਸ਼ਾਂ ਦੀ ਸਖਤੀ ਕਾਰਨ ਪੰਜਾਬ ਵਿਚ ਚੱਲ ਰਹੇ ਆਇਲੈਟਸ ਕਾਲਜ ਵੀ ਹੁਣ ਬੰਦ ਹੋਣ ਕਿਨਾਰੇ ਹਨ। ਕੁੱਝ ਸਮਾਂ ਪਹਿਲਾਂ ਜਿੱਥੇ ਇਨ੍ਹਾਂ ਕਾਲਜਾਂ ਵਿਚ ਚਹਿਲ-ਪਹਿਲ ਹੁੰਦੀ ਸੀ, ਉਥੇ ਹੁਣ ਬਹੁਤਿਆਂ ਵਿਚ ਤਾਲੇ ਵੱਜ ਗਏ ਹਨ। ਪੰਜਾਬ ਦੇ ਮੁੱਖ ਡਿਗਰੀ ਕਾਲਜ ਅਤੇ ਯੂਨੀਵਰਸਿਟੀਆਂ ਪਹਿਲਾਂ ਇਸ਼ਤਿਹਾਰ ਦੇ-ਦੇ ਕੇ ਦਾਖਲੇ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਸਨ। ਪਰ ਹੁਣ ਵਿਦਿਆਰਥੀਆਂ ਦੇ ਬਾਹਰ ਜਾਣ ਦਾ ਰੁਝਾਨ ਘੱਟ ਜਾਣ ਕਾਰਨ ਉਨ੍ਹਾਂ ਵੱਲੋਂ ਸਥਾਨਕ ਕਾਲਜਾਂ ਵਿਚ ਦਾਖਲਾ ਲੈਣ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਕਾਲਜਾਂ ਵਿਚ ਹੁਣ ਪਹਿਲਾਂ ਵਾਂਗ ਰੌਣਕ ਪਰਤ ਆਈ ਹੈ।