-ਛਿਟਪੁੱਟ ਘਟਨਾਵਾਂ ਦੀ ਵੀ ਮਿਲੀ ਜਾਣਕਾਰੀ
ਚੰਡੀਗੜ੍ਹ, 20 ਨਵੰਬਰ (ਪੰਜਾਬ ਮੇਲ)- ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਦਾ ਕੰਮ ਮੁਕੰਮਲ ਹੋ ਗਿਆ ਹੈ। ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਬਰਨਾਲਾ ‘ਚ ਸਵੇਰ ਤੋਂ ਹੀ ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋਇਆ, ਜੋ ਸ਼ਾਮ 6 ਵਜੇ ਤੱਕ ਨਿਰੰਤਰ ਚਲਦਾ ਰਿਹਾ। ਇਸ ਦੌਰਾਨ ਕੁੱਝ ਛਿਟਪੁੱਟ ਘਟਨਾਵਾਂ ਹੋਣ ਦੀਆਂ ਸੂਚਨਾਵਾਂ ਵੀ ਪ੍ਰਾਪਤ ਹੋਈਆਂ। ਇਨ੍ਹਾਂ ਚੋਣਾਂ ਲਈ ਕੁੱਲ 6,96,965 ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਵਾਲੇ ਸਨ। ਪਰ ਖਬਰ ਲਿਖੇ ਜਾਣ ਤੱਕ ਵੋਟਾਂ ਦੇ ਪੋਲ ਹੋਣ ਦਾ ਕੁੱਲ ਪ੍ਰਤੀਸ਼ਤ ਪ੍ਰਾਪਤ ਨਹੀਂ ਹੋ ਸਕਿਆ। ਇਨ੍ਹਾਂ ਚੋਣਾਂ ਲਈ 831 ਪੋਲਿੰਗ ਸਟੇਸ਼ਨ ਬਣਾਏ ਗਏ, ਜਿੱਥੇ ਚੋਣ ਅਧਿਕਾਰੀ ਅਤੇ ਕਰਮਚਾਰੀਆਂ ਨੇ ਇਨ੍ਹਾਂ ਚੋਣਾਂ ਦੀ ਨਿਗਰਾਨੀ ਕੀਤੀ। ਇਸ ਦੌਰਾਨ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਸਨ। ਮੁੱਖ ਚੋਣ ਅਧਿਕਾਰੀ ਅਨੁਸਾਰ ਪੰਜਾਬ ਪੁਲਿਸ ਦੇ 6481 ਜਵਾਨ ਤੇ ਅਧਿਕਾਰੀ ਅਤੇ ਕੇਂਦਰੀ ਹਥਿਆਰਬੰਦ ਬਲਾਂ ਦੀਆਂ 17 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਵੋਟਿੰਗ ਕਰਾਉਣ ਲਈ 3868 ਚੋਣ ਕਰਮੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ। ਮੁੱਖ ਚੋਣ ਅਧਿਕਾਰੀ ਅਨੁਸਾਰ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਗਈ ਅਤੇ ਲਾਈਵ ਵੈੱਬਕਾਸਟਿੰਗ ਹੋਈ। ਮੁੱਖ ਚੋਣ ਅਧਿਕਾਰੀ ਅਨੁਸਾਰ 831 ਪੋਲਿੰਗ ਸਟੇਸ਼ਨਾਂ ‘ਚੋਂ 244 ਨੂੰ ਸੰਵੇਦਨਸ਼ੀਲ ਸ਼੍ਰੇਣੀ ਵਿਚ ਰੱਖਿਆ ਗਿਆ ਸੀ ਅਤੇ ਉਥੇ ਵਾਧੂ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਸੁਰੱਖਿਆ ਦਸਤਿਆਂ ਵੱਲੋਂ ਥਾਂ-ਥਾਂ ‘ਤੇ ਨਾਕੇ ਲਗਾਏ ਗਏ ਸਨ ਅਤੇ ਇਨ੍ਹਾਂ ਹਲਕਿਆਂ ਵਿਚ ਚੌਕਸੀ ਵਧਾਈ ਗਈ ਸੀ। ਪੰਜਾਬ ਦੇ ਡੀ.ਜੀ.ਪੀ. ਅਤੇ ਏ.ਡੀ.ਜੀ.ਪੀ. ਨੇ ਖੁਦ ਇਨ੍ਹਾਂ ਚੋਣਾਂ ਦੀ ਨਿਗਰਾਨੀ ਕੀਤੀ।
ਇਸ ਚੋਣਾਂ ਲਈ ਗਿੱਦੜਬਾਹਾ ਹਲਕੇ ਵਿਚ ਕਾਂਗਰਸ ਵੱਲੋਂ ਅੰਮ੍ਰਿਤਾ ਵੜਿੰਗ, ਬੀ.ਜੇ.ਪੀ. ਵੱਲੋਂ ਮਨਪ੍ਰੀਤ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਚੋਣ ਮੈਦਾਨ ਵਿਚ ਸਨ। ਬਰਨਾਲਾ ਤੋਂ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ, ਕਾਂਗਰਸ ਵੱਲੋਂ ਕੁਲਦੀਪ ਸਿੰਘ ਢਿੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਹਰਿੰਦਰ ਸਿੰਘ ਧਾਲੀਵਾਲ ਨੂੰ ਆਪਣਾ ਉਮੀਦਵਾਰ ਖੜ੍ਹਾ ਕੀਤਾ ਗਿਆ ਸੀ।
ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਭਾਜਪਾ ਵੱਲੋਂ ਰਵੀ ਕਰਨ ਸਿੰਘ ਕਾਹਲੋਂ, ਕਾਂਗਰਸ ਵੱਲੋਂ ਜਤਿੰਦਰ ਕੌਰ ਰੰਧਾਵਾ ਅਤੇ ਆਮ ਆਦਮੀ ਪਾਰਟੀ ਵੱਲੋਂ ਗੁਰਦੀਪ ਸਿੰਘ ਰੰਧਾਵਾ ਨੂੰ ਚੋਣ ਉਮੀਦਵਾਰ ਵਿਚ ਉਤਾਰਿਆ ਗਿਆ ਸੀ।
ਰਾਖਵਾਂ ਹਲਕਾ ਚੱਬੇਵਾਲ ਤੋਂ ਇਨ੍ਹਾਂ ਜ਼ਿਮਨੀ ਚੋਣਾਂ ਲਈ ਕਾਂਗਰਸ ਪਾਰਟੀ ਨੇ ਰਣਜੀਤ ਕੁਮਾਰ ਨੂੰ, ਆਮ ਆਦਮੀ ਪਾਰਟੀ ਨੂੰ ਇਸ਼ਾਂਨ ਚੱਬੇਵਾਲ ਨੂੰ ਚੋਣ ਮੈਦਾਨ ‘ਚ ਉਤਾਰਿਆ ਸੀ। ਇਨ੍ਹਾਂ ਉਮੀਦਵਾਰਾਂ ਤੋਂ ਇਲਾਵਾ ਕੁੱਝ ਹੋਰ ਉਮੀਦਵਾਰਾਂ ਦੀ ਵੀ ਕਿਸਮਤ ਈ.ਵੀ.ਐੱਮ. ‘ਚ ਬੰਦ ਹੋ ਗਈ ਹੈ ਅਤੇ ਇਨ੍ਹਾਂ ਦੀ ਕਿਸਮਤ ਦਾ ਫੈਸਲਾ 23 ਨਵੰਬਰ ਨੂੰ ਹੋਵੇਗਾ।
ਡੇਰਾ ਬਾਬਾ ਨਾਨਕ ਦੇ ਪਿੰਡ ‘ਚ ਵੋਟਿੰਗ ਦੌਰਾਨ ਜ਼ਬਰਦਸਤ ਝੜਪ
ਡੇਰਾ ਬਾਬਾ ਨਾਨਕ, (ਪੰਜਾਬ ਮੇਲ)- ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਬਾਬਾ ਪਠਾਣਾ ‘ਚ ਵੋਟਿੰਗ ਦੌਰਾਨ ਜ਼ਬਰਦਸਤ ਝੜਪ ਹੋ ਗਈ। ਇਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਹਮੋ-ਸਾਹਮਣੇ ਹੁੰਦੇ ਨਜ਼ਰ ਆਏ। ਜਾਣਕਾਰੀ ਮੁਤਾਬਕ ਦੋਵੇਂ ਪਾਰਟੀਆਂ ਵੱਲੋਂ ਇਕ-ਦੂਜੇ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਜਿਥੇ ਇਕ ਧਿਰ ਦਾ ਕਹਿਣਾ ਹੈ ਕਿ ਬੂਥ ਕੈਪਚਰਿੰਗ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੀ ਧਿਰ ਵੱਲੋਂ ਕਿਹਾ ਜਾ ਰਿਹਾ ਬਾਹਰੀ ਹਲਕਿਆਂ ਦੇ ਵਿਅਕਤੀ ਬੁਲਾਏ ਗਏ ਹਨ ਅਤੇ ਇਕ-ਦੂਜੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਹਾਲਾਂਕਿ ਚੋਣ ਜਾਬਤਾ ਲੱਗਿਆ ਹੋਇਆ, ਜਿਸ ਕਰਕੇ ਕੋਈ ਬਾਹਰੀ ਵਿਅਕਤੀ ਨਹੀਂ ਆ ਸਕਦਾ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਇਕ ਧਿਰ ਵੱਲੋਂ ਦੂਜੀ ਧਿਰ ‘ਤੇ ਡਾਂਗਾਂ ਚਲਾਈਆਂ ਗਈਆਂ ਹਨ। ਇਸ ਸੂਚਨਾ ਮਿਲਦਿਆਂ ਆਮ ਆਦਮੀ ਪਾਰਟੀ ਉਮੀਦਵਾਰ ਗੁਰਦੀਪ ਰੰਧਾਵਾ ਅਤੇ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੀ ਪਹੁੰਚ ਗਏ। ਇਸ ਝੜਪ ਨੂੰ ਦੇਖਦਿਆਂ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ।