#PUNJAB

ਪੰਜਾਬ ਦੇ ਸਰੋਕਾਰਾਂ ਨੂੰ ਆਵਾਜ਼ ਦੇਣ ਲਈ ‘ਪੰਜਾਬ ਜਮਹੂਰੀ ਮੰਚ’ ਦੀ ਸਥਾਪਨਾ

-ਡਾ. ਲਖਵਿੰਦਰ ਸਿੰਘ ਜੌਹਲ ਬਣੇ ਪ੍ਰਧਾਨ ਅਤੇ ਸਤਨਾਮ ਸਿੰਘ ਮਾਣਕ ਬਣੇ ਜਨਰਲ ਸਕੱਤਰ
ਫਗਵਾੜਾ, 7 ਮਈ (ਪੰਜਾਬ ਮੇਲ)- ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸਰੋਕਾਰਾਂ ਲਈ ਲੋੜੀਂਦਾ ਬਿਰਤਾਂਤ ਸਿਰਜਣ ਅਤੇ ਦੇਸ਼ ਵਿਚ ਜਮਹੂਰੀਅਤ, ਧਰਮ ਨਿਰਪੱਖਤਾ ਤੇ ਸੰਘੀ ਢਾਂਚੇ ਦੀ ਮਜ਼ਬੂਤੀ ਲਈ ਆਵਾਜ਼ ਬੁਲੰਦ ਕਰਨ ਵਾਸਤੇ ਪੰਜਾਬ ਦੇ ਕੁਝ ਚੋਣਵੇਂ ਪੱਤਰਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਵਲੋਂ ‘ਪੰਜਾਬ ਜਮਹੂਰੀ ਮੰਚ’ ਨਾਂਅ ਦਾ ਫੋਰਮ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਪ੍ਰੈੱਸ ਨੂੰ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਵੱਖ-ਵੱਖ ਬੁੱਧੀਜੀਵੀਆਂ, ਲੇਖਕਾਂ ਤੇ ਪੱਤਰਕਾਰਾਂ ਵਲੋਂ ਆਪਸੀ ਵਿਚਾਰ-ਵਟਾਂਦਰੇ ਦੌਰਾਨ ਇਹ ਮੰਗ ਉਠਾਈ ਜਾ ਰਹੀ ਸੀ ਕਿ ਪੰਜਾਬ ਦੇ ਭੱਖਦੇ ਮਸਲਿਆਂ ਸੰਬੰਧੀ ਅਕਾਦਮਿਕ ਪੱਧਰ ਦੀ ਚਰਚਾ ਲਈ ਅਤੇ ਦੇਸ਼ ਵਿਚ ਜਮਹੂਰੀਅਤ ਦੀ ਮਜ਼ਬੂਤੀ ਲਈ ਪੰਜਾਬ ਦੇ ਬੁੱਧੀਜੀਵੀਆਂ ਦਾ ਇਕ ਆਪਣਾ ਮੰਚ ਹੋਣਾ ਚਾਹੀਦਾ ਹੈ, ਜਿਸ ਦੇ ਮਾਧਿਅਮ ਰਾਹੀਂ ਉਹ ਆਪਣੀ ਰਾਇ ਖੁੱਲ੍ਹ ਕੇ ਪੇਸ਼ ਕਰ ਸਕਣ ਅਤੇ ਆਪਸੀ ਵਿਚਾਰ-ਚਰਚਾ ਰਾਹੀਂ ਅਜੋਕੇ ਸਮੇਂ ਵਿਚ ਗੁੰਝਲਦਾਰ ਮਸਲਿਆਂ ਨੂੰ ਖੁਦ ਸਮਝਣ ਤੇ ਸਮਝਾਉਣ ਦਾ ਕੰਮ ਕਰ ਸਕਣ। ਇਸ ਨੂੰ ਮੁੱਖ ਰੱਖਦਿਆਂ ‘ਪੰਜਾਬ ਜਮਹੂਰੀ ਮੰਚ’ ਦੀ ਸਥਾਪਨਾ ਕੀਤੀ ਗਈ ਹੈ, ਜਿਸ ਦੇ ਅਹੁਦੇਦਾਰਾਂ ਦੇ ਵਿਚ ਪ੍ਰਧਾਨ – ਡਾ. ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ – ਸਤਨਾਮ ਸਿੰਘ ਮਾਣਕ, ਸਕੱਤਰ ਦੁਆਬਾ ਜ਼ੋਨ – ਗੁਰਮੀਤ ਸਿੰਘ ਪਲਾਹੀ, ਸਕੱਤਰ ਮਾਲਵਾ ਜ਼ੋਨ -, ਗੁਰਚਰਨ ਸਿੰਘ ਨੂਰਪੁਰ, ਸਕੱਤਰ ਮਾਝਾ ਜ਼ੋਨ – ਰਾਜਿੰਦਰ ਸਿੰਘ ਰੂਬੀ, ਸਕੱਤਰ ਚੰਡੀਗੜ੍ਹ ਜ਼ੋਨ – ਦੀਪਕ ਸ਼ਰਮਾ ਚਨਾਰਥਲ ਇਸ ਮੰਚ ਦੀ ਇਕ ਸਲਾਹਕਾਰ ਕੌਂਸਲ ਵੀ ਹੋਵੇਗੀ, ਜਿਸ ਵਿਚ ਉੱਘੇ ਅਰਥ ਸ਼ਾਸਤਰੀ, ਸਮਾਜ ਸ਼ਾਸਤਰੀ ਅਤੇ ਪ੍ਰਸ਼ਾਸਨਿਕ ਮਾਹਿਰਾਂ ਨੂੰ ਸ਼ਾਮਲ ਕੀਤਾ ਜਾਵੇਗਾ।