#PUNJAB

ਪੰਜਾਬ ਦੇ ਰਾਜਸੀ ਇਤਿਹਾਸ ‘ਚ ਹੁਣ ਤੱਕ ਅੱਧੀ ਦਰਜਨ ਔਰਤਾਂ ਹੀ ਜਿੱਤ ਸਕੀਆਂ ਜ਼ਿਮਨੀ ਚੋਣ

ਫ਼ਰੀਦਕੋਟ, 27 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਹੋਈਆਂ ਜ਼ਿਮਨੀ ਚੋਣਾਂ ਵਿਚ ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਹਲਕਿਆਂ ਤੋਂ ਕਾਂਗਰਸ ਦੀਆਂ ਦੋ ਔਰਤ ਉਮੀਦਵਾਰ ਸਨ ਅਤੇ ਦੋਵੇਂ ਦਿੱਗਜ਼ ਆਗੂਆਂ ਦੀਆਂ ਪਤਨੀਆਂ ਹਨ, ਜੋ ਆਪਣੇ ਵਿਰੋਧੀਆਂ ਤੋਂ ਹਾਰ ਗਈਆਂ। ਪੰਜਾਬ ਦੇ ਹੁਣ ਤੱਕ ਦੇ ਰਾਜਸੀ ਇਤਿਹਾਸ ‘ਤੇ ਝਾਤ ਮਾਰੀ ਜਾਵੇ ਤਾਂ ਕੇਵਲ ਅੱਧੀ ਦਰਜਨ ਔਰਤਾਂ ਜ਼ਿਮਨੀ ਚੋਣਾਂ ਜਿੱਤ ਸਕੀਆਂ ਹਨ। ਇਸ ਵਾਰ ਗਿੱਦੜਬਾਹਾ ਵਿਖੇ ਹੋਏ ਦਿਲਚਸਪ ਮੁਕਾਬਲੇ ਵਿਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਤੋਂ ਚੋਣ ਹਾਰ ਗਏ। ਇਹ ਸੀਟ ਰਾਜਾ ਵੜਿੰਗ ਦੇ ਸੰਸਦ ਵਿਚ ਜਾਣ ਨਾਲ ਖਾਲੀ ਹੋਈ ਸੀ। ਦੂਸਰਾ ਹਲਕਾ ਡੇਰਾ ਬਾਬਾ ਨਾਨਕ ਜਿਥੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਵੀ ਆਪਣੇ ਵਿਰੋਧੀ ਗੁਰਦੀਪ ਸਿੰਘ ਰੰਧਾਵਾ ਤੋਂ ਚੋਣ ਹਾਰ ਗਏ।
ਪੰਜਾਬ ਦਾ ਹੁਣ ਤੱਕ ਦਾ ਰਾਜਸੀ ਇਤਿਹਾਸ ਦੱਸਦਾ ਹੈ ਕਿ ਸੰਨ 1952 ਤੋਂ ਬਾਅਦ 6 ਔਰਤਾਂ ਜ਼ਿਮਨੀ ਚੋਣਾਂ ਵਿਚ ਕਾਮਯਾਬੀ ਹਾਸਲ ਕਰ ਸਕੀਆਂ ਹਨ। ਇਸ ਦੌਰਾਨ 61 ਜ਼ਿਮਨੀ ਚੋਣਾਂ ਹੋ ਚੁੱਕੀਆਂ ਹਨ। ਪਹਿਲੀ ਜ਼ਿਮਨੀ ਚੋਣ 1977 ‘ਚ ਅਕਾਲੀ ਦਲ ਦੀ ਹਕੂਮਤ ਦੌਰਾਨ ਹਲਕਾ ਡਕਾਲਾ ਤੋਂ ਮਹਿੰਦਰ ਕੌਰ ਸਫ਼ਲ ਹੋਏ ਸਨ। ਉਨ੍ਹਾਂ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਵੀਰਪਾਲ ਕੌਰ ਨੂੰ ਹਰਾਇਆ ਸੀ। ਇਹ ਸੀਟ ਉਨ੍ਹਾਂ ਦੇ ਪਤੀ ਤਤਕਾਲੀ ਵਿਧਾਇਕ ਬਸੰਤ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਦੂਜੀ ਚੋਣ ਫ਼ਰੀਦਕੋਟ ਤੋਂ ਅਕਾਲੀ ਉਮੀਦਵਾਰ ਬੀਬੀ ਜਗਦੀਸ਼ ਕੌਰ ਢਿੱਲੋਂ ਨੇ 1982 ਵਿਚ ਕਾਂਗਰਸ ਦੇ ਉਮੀਦਵਾਰ ਤ੍ਰਿਲੋਚਨ ਸਿੰਘ ਰਿਆਸਤੀ ਨੂੰ ਹਰਾ ਕੇ ਜਿੱਤੀ ਸੀ। ਇਹ ਜ਼ਿਮਨੀ ਚੋਣ ਉਨ੍ਹਾਂ ਦੇ ਪਤੀ ਤਤਕਾਲੀ ਵਿਧਾਇਕ ਜਸਮੱਤ ਸਿੰਘ ਢਿੱਲੋਂ ਦੀ ਮੌਤ ਕਾਰਨ ਹੋਈ ਸੀ। ਬੀਬੀ ਜਗਦੀਸ਼ ਕੌਰ ਢਿੱਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਵਿਧਾਇਕ ਦੇ ਮਾਤਾ ਜੀ ਹਨ।
ਸੰਨ 1998 ਵਿਚ ਹੋਈ ਜ਼ਿਮਨੀ ਚੋਣ ਵਿਚ ਬੀਬੀ ਮਹਿੰਦਰ ਕੌਰ ਜੋਸ਼ ਨੇ ਜਿੱਤ ਪ੍ਰਾਪਤ ਕੀਤੀ ਸੀ। ਸੰਨ 2004 ਵਿਚ ਸੁਖਜਿੰਦਰ ਕੌਰ ਸੁੱਖੀ ਰਾਣਾ ਨੇ ਹਲਕਾ ਕਪੂਰਥਲਾ ਤੋਂ ਅਕਾਲੀ ਉਮੀਦਵਾਰ ਤੇ ਸਾਬਕਾ ਟਰਾਂਸਪੋਰਟ ਮੰਤਰੀ ਰਘਬੀਰ ਸਿੰਘ ਨੂੰ ਹਰਾ ਕੇ ਜਿੱਤੀ ਸੀ। ਸੰਨ 2012 ਵਿਚ ਦਸੂਹਾ ਹਲਕੇ ਤੋਂ ਭਾਜਪਾ ਉਮੀਦਵਾਰ ਸੁਖਜੀਤ ਕੌਰ ਸਾਹੀ ਨੇ ਕਾਂਗਰਸ ਦੇ ਉਮੀਦਵਾਰ ਅਰੁਣ ਡੋਗਰਾ ਨੂੰ ਹਰਾ ਕੇ ਚੋਣ ਜਿੱਤੀ ਸੀ। ਇਹ ਸੀਟ ਉਨ੍ਹਾਂ ਦੇ ਪਤੀ ਅਮਰਜੀਤ ਸਿੰਘ ਸਾਹੀ ਮੁੱਖ ਸੰਸਦੀ ਸਕੱਤਰ ਦੀ ਮੌਤ ਹੋਣ ਨਾਲ ਖਾਲੀ ਹੋਈ ਸੀ। ਆਖਰੀ ਜ਼ਿਮਨੀ 2014 ਵਿਚ ਪਟਿਆਲਾ ਵਿਧਾਨ ਸਭਾ ਹਲਕੇ ਵਿਚ ਹੋਈ, ਜਿਸ ਵਿਚ ਮਹਾਰਾਣੀ ਪ੍ਰਨੀਤ ਕੌਰ ਨੇ ਕਾਂਗਰਸ ਵੱਲੋਂ ਆਪਣੇ ਵਿਰੋਧੀ ਅਕਾਲੀ ਦਲ ਦੇ ਭਗਵਾਨ ਦਾਸ ਜੁਨੇਜਾ ਨੂੰ ਹਾਰ ਦਿੱਤੀ। ਉਸ ਤੋਂ ਬਾਅਦ ਕਿਸੇ ਵੀ ਜ਼ਿਮਨੀ ਚੋਣ ਵਿਚ ਕਿਸੀ ਵੀ ਔਰਤ ਨੂੰ ਜਿੱਤ ਨਸੀਬ ਨਹੀਂ ਹੋਈ।