ਜਲੰਧਰ, 21 ਫਰਵਰੀ (ਪੰਜਾਬ ਮੇਲ)- ਸਾਲ 2024 ਦੀਆਂ ਲੋਕ ਸਭਾ ਚੋਣਾਂ ਲਈ ਸਿਆਸੀ ਮੈਦਾਨ ਕਾਫ਼ੀ ਭਖ ਗਿਆ ਹੈ। ਸਮੂਹ ਸਿਆਸੀ ਜਮਾਤਾਂ ਵਲੋਂ ਮੁੱਖ ਤੌਰ ‘ਤੇ ਉਮੀਦਵਾਰਾਂ ‘ਤੇ ਫੋਕਸ ਕੀਤਾ ਜਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਹਰ ਪਾਰਟੀ ਲਈ ਹੀ ਉਮੀਦਵਾਰਾਂ ਦੀ ਚੋਣ ਕਰਨੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਪਿਛਲੇ ਦਿਨੀਂ ਖ਼ਬਰਾਂ ਆ ਰਹੀਆਂ ਸਨ ਕਿ ਸੱਤਾਧਿਰ ਵਲੋਂ ਆਪਣੇ 5 ਮੰਤਰੀਆਂ ਨੂੰ ਲੋਕ ਸਭਾ ਦੇ ਚੋਣ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ, ਜਿਸ ਲਈ ਗੁਰਮੀਤ ਸਿੰਘ ਖੁੱਡੀਆਂ, ਬਲਜੀਤ ਕੌਰ, ਕੁਲਦੀਪ ਧਾਲੀਵਾਲ, ਮੀਤ ਹੇਅਰ ਅਤੇ ਅਮਨ ਅਰੋੜਾ ਦੇ ਨਾਂ ਚਰਚਾ ‘ਚ ਸਨ। ਇਨ੍ਹਾਂ ਤੋਂ ਇਲਾਵਾ ਕੁੱਝ ਵਿਧਾਇਕਾਂ ‘ਤੇ ਵੀ ਆਮ ਆਦਮੀ ਪਾਰਟੀ ਦਾਅ ਖੇਡਣ ਦੀ ਸੋਚ ਰਹੀ ਹੈ।
ਹਾਲ ਹੀ ‘ਚ ਮਿਲੀ ਨਵੀਂ ਜਾਣਕਾਰੀ ਮੁਤਾਬਕ ਸੱਤਾਧਿਰ ਨੇ ਫਿਲਹਾਲ ਇਸ ਸੁਝਾਅ ‘ਤੇ ਵਿਰਾਮ ਚਿੰਨ੍ਹ ਲਾ ਦਿੱਤਾ ਹੈ। ਸ਼ਾਇਦ ਆਮ ਆਦਮੀ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਮੰਤਰੀ ਵੱਡੇ ਚਿਹਰੇ ਹਨ ਅਤੇ ਉਹ ਲੋਕ ਸਭਾ ਚੋਣਾਂ ਜਿਤਾਉਣ ਦੇ ਵੀ ਸਮਰੱਥ ਹੋ ਸਕਦੇ ਹਨ ਕਿਉਂਕਿ ਸ਼ਖ਼ਸੀਅਤ ਆਧਾਰਿਤ ਸਿਆਸਤ ਨੂੰ ਹੁੰਗਾਰਾ ਮਿਲ ਸਕਦਾ ਹੈ ਪਰ ਨਾਲ ਹੀ ਪਾਰਟੀ ਇਹ ਵੀ ਸੋਚ ਰਹੀ ਹੈ ਕਿ ਜਿੱਤ ਤੋਂ ਬਾਅਦ ਉਨ੍ਹਾਂ ਦੀ ਵਿਧਾਇਕ ਵਾਲੀ ਸੀਟ ‘ਤੇ ਜ਼ਿਮਨੀ ਚੋਣ ਹੋਵੇਗੀ, ਜਿਸ ਲਈ ਨਵਾਂ ਉਮੀਦਵਾਰ ਫਿਰ ਲੱਭਣਾ ਪਵੇਗਾ। ਇਸ ਤੋਂ ਇਲਾਵਾ ਸੱਤਾਧਿਰ ਇਹ ਵੀ ਨਹੀਂ ਚਾਹੁੰਦੀ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਮੁੜ ਜ਼ਿਮਨੀ ਚੋਣ ਖੜ੍ਹੀ ਹੋ ਜਾਵੇ। ਇਸ ਦੇ ਨਾਲ ਹੀ ਇਕ ਤਰਕ ਹੋਰ ਦਿੱਤਾ ਜਾ ਰਿਹਾ ਹੈ ਕਿ ਮੰਨ ਲਓ ਗੁਰਮੀਤ ਖੁੱਡੀਆਂ ਨੂੰ ਚੋਣ ਮੈਦਾਨ ‘ਚ ਉਤਾਰ ਦਿੱਤਾ ਜਾਂਦਾ ਹੈ, ਤਾਂ ਜਿੱਤਣ ਤੋਂ ਬਾਅਦ ਲੰਬੀ ਹਲਕਾ ਫਿਰ ਤੋਂ ਖ਼ਾਲੀ ਹੋ ਜਾਵੇਗਾ, ਜਿੱਥੇ ਜ਼ਿਮਨੀ ਚੋਣ ਦੀ ਤਿਆਰੀ ਕਰਨੀ ਪਵੇਗੀ।
ਅਜਿਹੇ ‘ਚ ਪਾਰਟੀ ਕਦੇ ਵੀ ਨਹੀਂ ਚਾਹੇਗੀ ਕਿ ਮੁਸ਼ਕਲ ਨਾਲ ਪ੍ਰਕਾਸ਼ ਸਿੰਘ ਬਾਦਲ ਤੋਂ ਜਿੱਤੇ ਹੋਏ ਹਲਕੇ ਨੂੰ ਦਾਅ ‘ਤੇ ਲਾ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਲੰਬੀ ਹਲਕਾ ਸਿਆਸੀ ਤੌਰ ‘ਤੇ ਬਹੁਤ ਮਹੱਤਵਪੂਰਨ ਹੈ। ਅਜਿਹੇ ‘ਚ ਪਾਰਟੀ ਇਸ ਹਲਕੇ ਤੋਂ ਵੀ ਪਾਰਟੀ ਦਾ ਕੋਈ ਸੀਨੀਅਰ ਲੀਡਰ ਜਾਂ ਕੋਈ ਨਵਾਂ ਚਿਹਰਾ ਹੀ ਉਤਾਰ ਸਕਦੀ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਦਾ ਨਾਂ ਚਰਚਾ ‘ਚ ਚੱਲ ਰਿਹਾ ਸੀ ਪਰ ਇਸ ਹਲਕੇ ਬਾਰੇ ਵੀ ਪਾਰਟੀ ਮਹਿਸੂਸ ਕਰਦੀ ਹੈ ਕਿ ਜਲਾਲਾਬਾਦ ਵੀ ਲੰਬੀ ਦੀ ਤਰ੍ਹਾਂ ਹੀ ਕਾਫ਼ੀ ਮਾਇਨੇ ਰੱਖਣ ਵਾਲੀ ਸੀਟ ਹੈ। ਇਸ ਨੂੰ ਸੁਖਬੀਰ ਸਿੰਘ ਬਾਦਲ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਸੀ ਪਰ ਪਿਛਲੀ ਚੋਣ ‘ਚ ਆਮ ਆਦਮੀ ਪਾਰਟੀ ਨੇ ਇਹ ਹਲਕਾ ਜਿੱਤ ਕੇ ਆਪਣੀ ਪ੍ਰਾਪਤੀ ‘ਚ ਇਕ ਨਵਾਂ ਕੀਰਤੀਮਾਨ ਸਿਰਜਿਆ ਸੀ।
ਇਸ ਲਈ ਪਾਰਟੀ ਕਦੇ ਵੀ ਨਹੀਂ ਚਾਹੇਗੀ ਕਿ ਇਸ ਹਲਕੇ ‘ਤੇ ਵੀ ਕੋਈ ਦਾਅ ਖੇਡਿਆ ਜਾਵੇ। ਅਜਿਹੇ ‘ਚ ਸੁਭਾਵਿਕ ਹੈ ਕਿ ਸੱਤਾਧਿਰ ਇੱਥੋਂ ਵੀ ਕੋਈ ਨਵਾਂ ਉਮੀਦਵਾਰ ਹੀ ਚੋਣ ਮੈਦਾਨ ‘ਚ ਉਤਾਰੇਗੀ। ਸਾਫ਼ ਹੈ ਕਿ ਸਰਕਾਰ ਜ਼ਿਮਨੀ ਚੋਣ ਤੋਂ ਪਰਹੇਜ਼ ਰੱਖਣਾ ਚਾਹੁੰਦੀ ਹੈ, ਜਿਸ ਕਰਕੇ ਫਿਲਹਾਲ ਉਹ ਮੰਤਰੀਆਂ ਨੂੰ ਚੋਣ ਲੜਾਉਣ ਦਾ ਰਿਸਕ ਨਹੀਂ ਲੈਣਾ ਚਾਹੁੰਦੀ। ਉਧਰ ਕਈ ਮੰਤਰੀ ਵੀ ਅੰਦਰਖ਼ਾਤੇ ਪਾਰਟੀ ਵਲੋਂ ਚੋਣ ਨਾ ਲੜਾਏ ਜਾਣ ਦੇ ਇਸ ਫ਼ੈਸਲੇ ਤੋਂ ਖ਼ੁਸ਼ ਜਾਪ ਰਹੇ ਹਨ। ਜਿਵੇਂ ਹੀ ਮੰਤਰੀਆਂ ਨੂੰ ਚੋਣ ਲੜਾਉਣ ਦੀ ਗੱਲ ਤੁਰੀ ਅਤੇ ਆਪਣੇ-ਆਪਣੇ ਹਲਕਿਆਂ ‘ਚ ਗਤੀਵਿਧੀਆਂ ਤੇਜ਼ ਕਰਨ ਦੇ ਨਿਰਦੇਸ਼ ਮਿਲੇ ਸਨ, ਤਾਂ ਮੰਤਰੀ ਵੀ ਨਫ਼ਾ-ਨੁਕਸਾਨ ਪਰਖਣ ਲੱਗ ਪਏ ਸਨ।
ਮੰਤਰੀਆਂ ਨੂੰ ਡਰ ਸੀ ਕਿ ਜੇਕਰ ਚੋਣਾਂ ‘ਚ ਸਫ਼ਲਤਾ ਨਾ ਮਿਲੀ ਤਾਂ ਲੋਕ ਸਭਾ ਦੀਆਂ ਪੌੜੀਆਂ ਵੀ ਨਹੀਂ ਚੜ੍ਹ ਸਕਾਂਗੇ ਅਤੇ ਵਿਧਾਇਕੀ ਵੀ ਖੁੱਸ ਜਾਵੇਗੀ ਪਰ ਪਾਰਟੀ ਦੇ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਸ਼ਰੇਆਮ ਨਾਂਹ ਕਰਨ ਤੋਂ ਗੁਰੇਜ਼ ਕਰ ਰਹੇ ਸਨ। ਖ਼ਬਰਾਂ ਇਹ ਵੀ ਹਨ ਕਿ ਕਈ ਮੰਤਰੀਆਂ ਨੇ ਅੰਦਰਖ਼ਾਤੇ ਨਾਂਹ-ਨੁੱਕਰ ਵੀ ਕੀਤੀ ਹੈ, ਜਿਸ ਉਪਰੰਤ ਪਾਰਟੀ ਨੇ ਸਰਵੇ ਟੀਮਾਂ ਨੂੰ ਮੈਦਾਨ ‘ਚ ਉਤਾਰ ਦਿੱਤਾ ਹੈ। ਇਹ ਵੀ ਸਾਫ਼ ਹੈ ਕਿ ਜੇਕਰ ਕਿਸੇ ਮੰਤਰੀ ਦਾ ਨਾਂ ਸਰਵੇ ‘ਚ ਆ ਜਾਂਦਾ ਹੈ, ਤਾਂ ਉਸ ਨੂੰ ਲੋਕ ਸਭਾ ਦੇ ਮੈਦਾਨ ‘ਚ ਕੁੱਦਣ ਲਈ ਤਿਆਰ ਰਹਿਣਾ ਪਵੇਗਾ। ਖ਼ਬਰ ਇਹ ਵੀ ਹੈ ਕਿ ਪਾਰਟੀ ਦੇ ਮੁੱਢਲੇ ਸਰਵੇ ਹੋ ਚੁੱਕੇ ਹਨ ਅਤੇ ਕੁੱਝ ਨਾਵਾਂ ‘ਤੇ ਚਰਚਾ ਵੀ ਚੱਲ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਵੀ ਇਸ਼ਾਰਾ ਕਰ ਚੁੱਕੇ ਹਨ ਕਿ ਇਸੇ ਮਹੀਨੇ ਹੀ ਕੁੱਝ ਉਮੀਦਵਾਰਾਂ ਦੇ ਨਾਂ ਤੈਅ ਹੋ ਜਾਣਗੇ। ਹਾਲਾਂਕੀ ਉਨ੍ਹਾਂ ਦਾਅਵਾ ਕੀਤਾ ਸੀ ਕਿ ਪਾਰਟੀ ਕੋਲ ਇਕ ਹਲਕੇ ਤੋਂ 4-4 ਉਮੀਦਵਾਰ ਕਤਾਰ ‘ਚ ਹਨ। ਹੁਣ ਦੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਦੇ ਅਖਾੜੇ ‘ਚ ਕਿਸ ਨੂੰ ਉਤਾਰਿਆ ਜਾਂਦਾ ਹੈ।