#PUNJAB

ਪੰਜਾਬ ਦੇ ਮੁੱਦਿਆਂ ਬਾਰੇ ਗੱਲ ਕਰਦਾ ਰਹਾਂਗਾ: ਸੁਖਪਾਲ ਖਹਿਰਾ

ਖਹਿਰਾ ਦੇ ਹੱਕ ’ਚ ਡਟੀ ਪੰਜਾਬ ਕਾਂਗਰਸ

ਚੰਡੀਗੜ੍ਹ, 18 ਜਨਵਰੀ (ਪੰਜਾਬ ਮੇਲ)-  ਆਲ ਇੰਡੀਆ ਕਾਂਗਰਸ ਕਮੇਟੀ ਦੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਪਿੱਠ ’ਤੇ ਪੰਜਾਬ ਕਾਂਗਰਸ ਡਟ ਗਈ ਹੈ। ਨਾਭਾ ਜੇਲ੍ਹ ’ਚੋਂ ਰਿਹਾਈ ਮਗਰੋਂ ਅੱਜ ਇੱਥੇ ਖਹਿਰਾ ਨੇ ਆਪਣੇ ’ਤੇ ਦਰਜ ਕੇਸਾਂ ਵਿਚਲੀ ਭੂਮਿਕਾ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਕਥਿਤ ‘ਧੱਕੇ’ ਦੀ ਕਹਾਣੀ ਨੂੰ ਮੀਡੀਆ ਅੱਗੇ ਬਿਆਨ ਕੀਤਾ। ਉਨ੍ਹਾਂ ਨੇ ਇਨ੍ਹਾਂ ਕੇਸਾਂ ਨੂੰ ਸਿਆਸੀ ਬਦਲਾਖੋਰੀ ਦੱਸਿਆ। ਉਨ੍ਹਾਂ ਕਿਹਾ ਕਿ ਉਹ ਆਖਰੀ ਦਮ ਤੱਕ ਪੰਜਾਬ ਦੇ ਮੁੱਦਿਆਂ ’ਤੇ ਗੱਲ ਕਰਦੇ ਰਹਿਣਗੇ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਦੀ ਨੀਤੀ ਹਿਟਲਰ ਦੀ ਸੋਚ ਵਾਲੀ ਹੈ।

ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਕਿਸੇ ਹੋਰ ਬੇਗੁਨਾਹ ਨੂੰ ਜੇਲ੍ਹ ਨਹੀਂ ਜਾਣ ਦੇਣਗੇ। ਉਹ ਮਾਨਸਿਕ ਤੌਰ ’ਤੇ ਮਜ਼ਬੂਤ ਹੋ ਕੇ ਜੇਲ੍ਹ ’ਚੋਂ ਨਿਕਲੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੋਧੀਆਂ ਖ਼ਿਲਾਫ਼ ਧੱਕਾ ਕਰ ਰਹੇ ਹਨ, ਉਸੇ ਤਰਜ਼ ’ਤੇ ਪੰਜਾਬ ਸਰਕਾਰ ਵਿਰੋਧੀਆਂ ਖ਼ਿਲਾਫ਼ ਭੁਗਤ ਰਹੀ ਹੈ। ‘ਆਪ’ ਸਰਕਾਰ ਪੰਜਾਬ ਵਿਚ ‘ਭਾਜਪਾ ਮਾਡਲ’ ਲਾਗੂ ਕਰ ਰਹੀ ਹੈ।

ਸ੍ਰੀ ਖਹਿਰਾ ਨੇ ਕਿਹਾ ਕਿ ਜੇਕਰ ਸਰਕਾਰ ਭਗਤ ਸਿੰਘ ਦੀ ਸੋਚ ’ਤੇ ਚੱਲਦੀ ਹੁੰਦੀ ਤਾਂ ਸਿੱਖ ਨੌਜਵਾਨਾਂ ਨੂੰ ਅਸਾਮ ਦੀਆਂ ਜੇਲ੍ਹਾਂ ਵਿਚ ਧੱਕਿਆ ਨਾ ਹੁੰਦਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਤਾਂ ਬਦਲਾਖੋਰੀ ਵਿਚ ਪਿਛਲੀਆਂ ਸਰਕਾਰਾਂ ਨੂੰ ਵੀ ਪਿਛਾਂਹ ਛੱਡ ਦਿੱਤਾ ਹੈ। ਸੂਬੇ ਵਿਚ ਰੇਤਾ, ਬਜਰੀ ਅਤੇ ਕੇਬਲ ਮਾਫੀਆ ਚੱਲ ਰਿਹਾ ਹੈ। ਉਨ੍ਹਾਂ ਸੂਬੇ ਦੀ ਅਫਸਰਸ਼ਾਹੀ ਨੂੰ ਤਾੜਨਾ ਕਰਦਿਆਂ ਕਿਹਾ ਕਿ ਜਿਹੜੇ ਅਧਿਕਾਰੀ ਬਦਲਾਖੋਰੀ ਕਰ ਰਹੇ ਹਨ, ਉਨ੍ਹਾਂ ਦੇ ਨਾਮ ਲਾਲ ਅੱਖਰਾਂ ਵਿਚ ਲਿਖ ਕੇ ਕਾਂਗਰਸ ਭਵਨ ਦੇ ਬੂਹੇ ਅੱਗੇ ਬੋਰਡ ’ਤੇ ਲਿਖੇ ਜਾਣਗੇ।

ਇਸੇ ਦੌਰਾਨ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੁਖਪਾਲ ਖਹਿਰਾ ਦੀ ਪਿੱਠ ਥਾਪੜੀ। ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਹੋਰਨਾਂ ਕਾਂਗਰਸੀ ਆਗੂਆਂ ਨੇ ਵੀ ਖਹਿਰਾ ਨਾਲ ਇਕਜੁੱਟਤਾ ਜ਼ਾਹਿਰ ਕੀਤੀ ਹੈ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਵੱਲੋ ਭਾਜਪਾ ਦੀਆਂ ਨੀਤੀਆਂ ਅਤੇ ਤੌਰ ਤਰੀਕਿਆਂ ਨੂੰ ਸੂਬੇ ਵਿਚ ਲਾਗੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਭਾਜਪਾ ਵਾਂਗ ਸੰਵਿਧਾਨਕ ਸੰਸਥਾਵਾਂ ਨੂੰ ਤਬਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਦਫਤਰਾਂ ਵਿਚ ਹਿਟਲਰ ਦੀ ਤਸਵੀਰ ਲਗਾ ਲਵੇ ਕਿਉਂਕਿ ਸਰਕਾਰ ਦੀਆਂ ਸਾਰੀਆਂ ਨੀਤੀਆਂ ਹਿਟਲਰੀ ਸੋਚ ਵਾਲੀਆਂ ਹਨ। ਬਾਜਵਾ ਨੇ ਕਿਹਾ ਕਿ ਸਰਕਾਰ ਦੱਸੇ ਕਿ ਕੇਂਦਰੀ ਭਾਜਪਾਈ ਹਕੂਮਤ ਅਤੇ ਪੰਜਾਬ ਸਰਕਾਰ ਵਿਚਾਲੇ ਕੀ ਫਰਕ ਰਹਿ ਗਿਆ ਹੈ। ਅੱਜ ਖਹਿਰਾ ਦੀ ਰਿਹਾਇਸ਼ ’ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਪੁੱਜੇ ਹੋਏ ਸਨ। ਸੁਖਪਾਲ ਖਹਿਰਾ ਨੇ ਆਪਣੇ 37 ਮਿੰਟ ਦੇ ਭਾਸ਼ਣ ਵਿਚ ਇਹ ਵੀ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਬੋਲਬਾਣੀ ਪਿਛਲੇ ਸਮੇਂ ਦੌਰਾਨ ਅੱਖੜ ਰੌਂਅ ਵਾਲੀ ਰਹੀ ਪਰ ਅੱਜ ਦੇ ਭਾਸ਼ਨ ਤੋਂ ਖਹਿਰਾ ਭਾਵੁਕ ਤੇ ਸੰਜੀਦਾ ਨਜ਼ਰ ਆਏ।