#PUNJAB

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੀ ਪਹਿਲਕਦਮੀ

ਗਰਮੀ ਤੋਂ ਰਾਹਤ ਲਈ ਵੋਟਰਾਂ ਨੂੰ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਵਰਤਾਇਆ ਜਾਵੇਗਾ ਗੁਲਾਬ ਸ਼ਰਬਤ: ਸਿਬਿਨ ਸੀ
– ਵੋਟਰਾਂ ਲਈ ਆਰਾਮਦਾਇਕ ਮਾਹੌਲ ਯਕੀਨੀ ਬਣਾਉਣ ਸਬੰਧੀ ਇਸ ਨੇਕ ਉਪਰਾਲੇ ਲਈ ਮਾਰਕਫੈੱਡ ਦੇਵੇਗਾ ਸਹਿਯੋਗ
ਚੰਡੀਗੜ੍ਹ, 31 ਮਈ (ਪੰਜਾਬ ਮੇਲ)- ਗਰਮੀ ਤੋਂ ਰਾਹਤ ਪ੍ਰਦਾਨ ਕਰਨ ਦੇ ਨਾਲ-ਨਾਲ ਵੋਟਰਾਂ ਲਈ ਆਰਾਮਦਾਇਕ ਮਾਹੌਲ ਯਕੀਨੀ ਬਣਾਉਣ ਵਾਸਤੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ 1 ਜੂਨ ਨੂੰ ਵੋਟਾਂ ਵਾਲੇ ਦਿਨ ਪੰਜਾਬ ਭਰ ਦੇ ਸਾਰੇ 24,451 ਪੋਲਿੰਗ ਸਟੇਸ਼ਨਾਂ ‘ਤੇ ਗੁਲਾਬ ਸ਼ਰਬਤ ਵਰਤਾਉਣ ਦਾ ਪ੍ਰਬੰਧ ਕੀਤਾ ਹੈ। ਇਸ ਕਦਮ ਦਾ ਉਦੇਸ਼ ਵੋਟਰਾਂ ਨੂੰ ਗਰਮੀ ਦੇ ਪ੍ਰਭਾਵ ਤੋਂ ਰਾਹਤ ਪ੍ਰਦਾਨ ਕਰਦਿਆਂ ਵੋਟਿੰਗ ਲਈ ਆਰਾਮਦਾਇਕ ਮਾਹੌਲ ਯਕੀਨੀ ਬਣਾਉਣਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਇਹ ਨੇਕ ਉਪਰਾਲਾ ਦਫ਼ਤਰ, ਮੁੱਖ ਚੋਣ ਅਫ਼ਸਰ, ਪੰਜਾਬ ਅਤੇ ਪੰਜਾਬ ਸਟੇਟ ਕੋਆਪਰੇਟਿਵ ਸਪਲਾਈ ਅਤੇ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਮਾਰਕਫੈਡ) ਵੱਲੋਂ ਆਪਸੀ ਸਹਿਯੋਗ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਫ਼ਤਰ, ਮੁੱਖ ਚੋਣ ਅਫ਼ਸਰ, ਪੰਜਾਬ ਵੋਟਿੰਗ ਪ੍ਰਕਿਰਿਆ ਨੂੰ ਨਾਗਰਿਕਾਂ ਲਈ ਵੱਧ ਤੋਂ ਵੱਧ ਸੁਚਾਰੂ ਅਤੇ ਆਰਾਮਦਾਇਕ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਾਰਕਫੈੱਡ ਵੱਲੋਂ ਵੋਟਰਾਂ ਲਈ ਸਥਾਨਕ ਪੱਧਰ ‘ਤੇ ਤਿਆਰ ਕੀਤੇ ਜਾਂਦੇ ਗੁਲਾਬ ਸ਼ਰਬਤ ਦੀ ਛਬੀਲ ਲਾਉਣ ਨਾਲ ‘ਮੇਕ ਇਨ ਪੰਜਾਬ’ ਦੀ ਸਹਿਕਾਰਤਾ ਮੁਹਿੰਮ ਨੂੰ ਵੀ ਹੁਲਾਰਾ ਮਿਲੇਗਾ।
ਮਾਰਕਫੈਡ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਨੇ ਕਿਹਾ ਕਿ ਇਹ ਮਾਰਕਫੈਡ ਲਈ ਮਾਣ ਵਾਲੀ ਗੱਲ ਹੈ ਕਿ ਉਸਨੂੰ ਚੋਣਾਂ ਦੌਰਾਨ ਵੋਟਰਾਂ ਲਈ ਆਰਾਮਦਾਇਕ ਮਾਹੌਲ ਯਕੀਨੀ ਬਣਾ ਕੇ ਲੋਕਤੰਤਰ ਦੀ ਇਸ ਪ੍ਰਕਿਰਿਆ ਵਿਚ ਯੋਗਦਾਨ ਪਾਉਣਾ ਦਾ ਮੌਕਾ ਮਿਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਰਕਫੈੱਡ ਦਾ ਗੁਲਾਬ ਸ਼ਰਬਤ ਪੰਜਾਬ ਦੇ ਕੋਆਪਰੇਟਿਵ ਸੈਕਟਰ ਵੱਲੋਂ ਮਿਆਰੀ ਉਤਪਾਦ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਗੁਲਾਬ ਸ਼ਰਬਤ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਅਤੇ ਪੋਲਿੰਗ ਸਟੇਸ਼ਨਾਂ ‘ਤੇ ਵਰਤਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮਾਰਕਫੈਡ ਵੱਲੋਂ ਦਿੱਤਾ ਗਿਆ ਇਹ ਸਹਿਯੋਗ ਸਥਾਨਕ ਉਤਪਾਦਾਂ ਅਤੇ ਭਾਈਚਾਰਿਆਂ ਲਈ ਉਸਦੇ ਸਮਰਥਨ ਨੂੰ ਦਰਸਾਉਂਦਾ ਹੈ।
ਸਿਬਿਨ ਸੀ ਨੇ ਕਿਹਾ ਕਿ ਦਫ਼ਤਰ, ਮੁੱਖ ਚੋਣ ਅਫ਼ਸਰ ਦਾ ਮੁੱਖ ਉਦੇਸ਼ ਵੋਟਿੰਗ ਲਈ ਖੁਸ਼ਗਵਾਰ ਅਤੇ ਆਰਾਮਦਾਇਕ ਮਾਹੌਲ ਪ੍ਰਦਾਨ ਕਰਦਿਆਂ ਚੋਣ ਪ੍ਰਕਿਰਿਆ ਵਿੱਚ ਵੋਟਰਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ ਅਤੇ ਇਸ ਉਦੇਸ਼ ਦੀ ਪ੍ਰਾਪਤੀ ਲਈ ਵੋਟਰਾਂ ਵਾਸਤੇ ਗੁਲਾਬ ਸ਼ਰਬਤ ਦਾ ਪ੍ਰਬੰਧ ਕੀਤਾ ਗਿਆ ਹੈ।