#PUNJAB

ਪੰਜਾਬ ਦੇ ਜਲੰਧਰ ਜ਼ਿਲ੍ਹੇ ‘ਚ ਸੀਤ ਲਹਿਰ ਵਿਖਾਉਣ ਲੱਗੀ ਜ਼ੋਰ

-ਤਾਪਮਾਨ 4 ਡਿਗਰੀ ਤੋਂ ਵੀ ਹੇਠਾਂ, ਚਿਤਾਵਨੀ ਜਾਰੀ
ਜਲੰਧਰ, 13 ਦਸੰਬਰ (ਪੰਜਾਬ ਮੇਲ)- ਮਹਾਨਗਰ ਜਲੰਧਰ ਦਾ ਤਾਪਮਾਨ 4 ਡਿਗਰੀ ਤੋਂ ਹੇਠਾਂ ਪਹੁੰਚ ਚੁੱਕਾ ਹੈ ਅਤੇ ਸੀਤ ਲਹਿਰ ਨੇ ਆਪਣਾ ਜ਼ੋਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਠੰਡ ਦਾ ਜਲਵਾ ਵੇਖਣ ਨੂੰ ਮਿਲੇਗਾ। ਇਸੇ ਵਿਚਕਾਰ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਅਤੇ ਅਗਲੇ 3 ਦਿਨਾਂ ਲਈ ਜਾਨਲੇਵਾ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅਗਾਊਂ ਅਨੁਮਾਨ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਉੱਤਰ ਭਾਰਤ ਠੰਡੀਆਂ ਹਵਾਵਾਂ ਦੇ ਕਹਿਰ ਨਾਲ ਕੰਬਦਾ ਨਜ਼ਰ ਆਵੇਗਾ। ਮੌਸਮ ਮਾਹਿਰਾਂ ਨੇ ਇਸ ਦਾ ਮੁੱਖ ਕਾਰਨ ਲਗਾਤਾਰ ਵਧ ਰਹੀ ਸਰਦੀ ਨੂੰ ਦੱਸਿਆ ਹੈ। ਦਸੰਬਰ ਦਾ ਅੱਧਾ ਮਹੀਨਾ ਖ਼ਤਮ ਹੋਣ ਵਾਲਾ ਹੈ ਪਰ ਠੰਡ ਦਾ ਪੂਰਾ ਜ਼ੋਰ ਵੇਖਣ ਨੂੰ ਅਜੇ ਤੱਕ ਨਹੀਂ ਮਿਲਿਆ ਕਿਉਂਕਿ ਮੌਸਮ ਵਿਚ ਅਨੁਮਾਨ ਮੁਤਾਬਕ ਬਦਲਾਅ ਨਹੀਂ ਹੋ ਰਹੇ, ਜਿਸ ਕਾਰਨ ਠੰਡ ਪੂਰੀ ਤਰ੍ਹਾਂ ਨਾਲ ਰੰਗ ਨਹੀਂ ਵਿਖਾ ਰਹੀ ਸੀ।
ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ ‘ਚ ਧੁੰਦ ਦੇ ਕਹਿਰ ਦੇ ਨਾਲ-ਨਾਲ ਭਿਆਨਕ ਸੀਤ ਲਹਿਰ ਦਾ ਵੀ ਸਾਹਮਣਾ ਕਰਨਾ ਪਵੇਗਾ। ਅਗਲੇ 24 ਘੰਟਿਆਂ ਦੌਰਾਨ ਤਾਪਮਾਨ ਵਿਚ ਹੋਰ ਗਿਰਾਵਟ ਹੋਣ ਦਾ ਅਨੁਮਾਨ ਹੈ। ਦੂਜੇ ਪਾਸੇ ਵੱਧ ਤੋਂ ਵੱਧ ਤਾਪਮਾਨ ਵਿਚ ਵੀ ਕਮੀ ਆਵੇਗੀ। ਮੌਸਮ ਵਿਗਿਆਨ ਕੇਂਦਰ ਦੇ ਚੰਡੀਗੜ੍ਹ ਸੈਂਟਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਮਹਾਨਗਰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 18.8 ਡਿਗਰੀ, ਜਦਕਿ ਘੱਟ ਤੋਂ ਘੱਟ ਤਾਪਮਾਨ 3.8 ਡਿਗਰੀ ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਅਨੰਦਪੁਰ ਸਾਹਿਬ ਦਾ ਘੱਟ ਤੋਂ ਘੱਟ ਤਾਪਮਾਨ 3.1 ਡਿਗਰੀ ਰਿਕਾਰਡ ਹੋਇਆ। ਇਸਦੇ ਮੁਤਾਬਕ ਮਹਾਨਗਰ ਜਲੰਧਰ ਪੰਜਾਬ ਦੇ ਸਭ ਤੋਂ ਠੰਡੇ ਸ਼ਹਿਰਾਂ ਦੀ ਸੂਚੀ ਵਿਚ ਪਹਿਲੇ 2 ਸਥਾਨਾਂ ‘ਤੇ ਆ ਰਿਹਾ ਹੈ। 15 ਦਸੰਬਰ ਤਕ ਸੀਤ ਲਹਿਰ ਦਾ ਜ਼ੋਰ ਜਾਰੀ ਰਹਿਣ ਸਬੰਧੀ ਯੈਲੋ ਅਲਰਟ ਦੱਸਿਆ ਗਿਆ ਹੈ।
ਮਹਾਨਗਰ ਜਲੰਧਰ ਦੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿਚ ਲਗਭਗ 15 ਡਿਗਰੀ ਦਾ ਅੰਤਰ ਹੋਣਾ ਸਾਬਿਤ ਕਰਦਾ ਹੈ ਕਿ ਅਜੇ ਠੰਢ ਦਾ ਪੂਰਾ ਜ਼ੋਰ ਨਹੀਂ ਹੈ। ਅਗਾਊਂ ਅਨੁਮਾਨ ਮੁਤਾਬਕ ਸਮੁੰਦਰੀ ਤਲ ਤੋਂ ਉੱਪਰ ਜੈੱਟ ਸਟ੍ਰੀਮ ਹਵਾਵਾਂ ਜਾਰੀ ਰਹਿਣਗੀਆਂ ਅਤੇ ਇਸਦਾ ਪ੍ਰਭਾਵ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ‘ਤੇ ਦੇਖਣ ਨੂੰ ਮਿਲੇਗਾ। ਇਸੇ ਸਿਲਸਿਲੇ ਵਿਚ ਉੱਤਰ ਭਾਰਤ ਵਿਚ ਸਰਦੀ ਵਧਣ ਦਾ ਅਨੁਮਾਨ ਹੈ।
ਮੌਸਮ ਵਿਭਾਗ ਵੱਲੋਂ ਅਗਲੇ 3 ਦਿਨਾਂ ਲਈ ਸੀਤ ਲਹਿਰ ਦੀ ਚਿਤਾਵਨੀ ਦਿੱਤੀ ਗਈ ਹੈ, ਜਦਕਿ ਸੀਤ ਲਹਿਰ ਦਾ ਕਹਿਰ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਉਥੇ ਹੀ, ਆਉਣ ਵਾਲੇ ਦਿਨਾਂ ਵਿਚ ਸੰਘਣੀ ਧੁੰਦ ਵੀ ਦੇਖਣ ਨੂੰ ਮਿਲੇਗੀ। ਅਗਲੇ ਕੁਝ ਦਿਨਾਂ ਤਕ ਧੁੱਪ ਨਿਕਲਣ ਦੇ ਆਸਾਰ ਹਨ ਪਰ ਬੱਦਲਾਂ ਦੀ ਲੁਕਣ-ਮੀਟੀ ਚੱਲਦੀ ਰਹੇਗੀ, ਜਿਸ ਕਾਰਨ ਅੱਗੇ ਧੁੱਪ ਦਾ ਪੂਰਾ ਅਸਰ ਨਹੀਂ ਰਹੇਗਾ।