#PUNJAB

ਪੰਜਾਬ ਤੇ ਹਰਿਆਣਾ ’ਚ ਸੰਘਣੀ ਧੁੰਦ ਛਾਈ; Mohali ਕੌਮਾਂਤਰੀ ਹਵਾਈ ਅੱਡੇ ਤੋਂ 10 ਉਡਾਣਾਂ ਰੱਦ

ਚੰਡੀਗੜ੍ਹ, 31 ਦਸੰਬਰ (ਪੰਜਾਬ ਮੇਲ)- ਸਾਲ ਦੇ ਆਖਰੀ ਦਿਨ ਪੰਜਾਬ ਤੇ ਹਰਿਆਣਾ ਵਿੱਚ ਸੰਘਣੀ ਧੁੰਦ ਦੀ ਛਾਦਰ ਛਾਈ ਹੋਈ ਹੈ। ਦੋਵਾਂ ਰਾਜਾਂ ਵਿੱਚ ਬਹੁਤੀਆਂ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਡਿੱਗਣ ਨਾਲ ਆਮ ਜਨਜੀਵਨ ਲੀਹੋਂ ਲੱਥ ਗਿਆ ਹੈ। ਰਾਜਧਾਨੀ ਚੰਡੀਗੜ੍ਹ ਸਣੇ ਹੋਰਨਾਂ ਥਾਵਾਂ ’ਤੇ ਦਿਸਣ ਹੱਦ ਵੀ ਘੱਟ ਗਈ ਹੈ, ਜਿਸ ਕਰਕੇ ਹਵਾਈ, ਰੇਲ ਤੇ ਸੜਕੀ ਆਵਾਜਾਈ ’ਤੇ ਵੀ ਅਸਰ ਪਿਆ। ਸੰਘਣੀ ਧੁੰਦ ਕਰਕੇ ਇਥੇ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਦਸ ਉਡਾਣਾਂ ਰੱਦ ਕਰਨੀਆਂ ਪਈਆਂ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਵੀ 16 ਉਡਾਣਾਂ ਰੱਦ ਕੀਤੀਆਂ ਗਈਆਂ ਸਨ ਜਦੋਂਕਿ ਦੋ ਉਡਾਣਾਂ ਦਾ ਦੂਜੇ ਪਾਸੇ ਡਾਇਵਰਟ ਕੀਤਾ ਗਿਆ ਸੀ। ਚੰਡੀਗੜ੍ਹ ਵਿੱਚ ਘੱਟੋ ਘੱਟੋ ਤਾਪਮਾਨ 9.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪੰਜਾਬ ਵਿੱਚ ਅੰਮ੍ਰਿਤਸਰ ’ਚ 9.2 ਡਿਗਰੀ, ਲੁਧਿਆਣਾ 9.1, ਪਟਿਆਲਾ 8.7 ਅਤੇ ਬਠਿੰਡਾ ਤੇ ਫਰੀਦਕੋਟ ਵਿੱਚ 7.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅੰਬਾਲਾ ਵਿੱਚ ਘੱਟੋ-ਘੱਟ ਤਾਪਮਾਨ 9.2, ਹਿਸਾਰ ਤੇ ਕਰਨਾਲ 9-9 ਡਿਗਰੀ, ਰੋਹਤਕ 10.8 ਡਿਗਰੀ, ਸਿਰਸਾ 9.4 ਤੇ ਨਾਰਨੌਲ ਵਿੱਚ 7.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।  ਇਸ ਦੌਰਾਨ ਉੱਤਰੀ ਭਾਰਤ ਦੇ ਹੋਰਨਾਂ ਹਿੱਸਿਆਂ ਵਿਚ ਵੀ ਸੰਘਣੀ ਧੁੰਦ ਪਈ। ਪਟਨਾ ਵਿੱਚ ਵੀ ਧੁੰਦ ਕਰਕੇ ਹਵਾਈ ਉਡਾਣਾਂ ’ਤੇ ਅਸਰ ਪਿਆ।