ਫਗਵਾੜਾ, 27 ਅਕਤੂਬਰ (ਪੰਜਾਬ ਮੇਲ)- ਪੰਜਾਬ ’ਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਤੇ ਪੰਜਾਬ ਸਰਕਾਰ ਦਰਮਿਆਨ ਅੱਜ ਸਹਿਮਤੀ ਬਣ ਗਈ ਹੈ ਤੇ ਕਿਸਾਨਾਂ ਨੇ ਹੁਣ ਪੰਜਾਬ ਭਰ ਵਿਚ ਜਾਮ ਕੀਤੇ ਹਾਈਵੇਅ ਖੋਲ੍ਹਣ ਦਾ ਫ਼ੈਸਲਾ ਕਰ ਦਿੱਤਾ ਹੈ। ਇਥੋਂ ਦੇ ਇਕ ਹੋਟਲ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਹੋਰ ਅਧਿਕਾਰੀਆਂ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਭਰੋਸਾ ਦਿੱਤਾ ਕਿ ਜੇ ਕਿਸੇ ਵੀ ਮਿੱਲਰ ਜਾਂ ਆੜ੍ਹਤੀਏ ਨੇ ਕਿਸਾਨਾਂ ਦੀ ਫ਼ਸਲ ’ਤੇ ਕੋਈ ਕੱਟ ਲਗਾਇਆ ਹੈ ਤਾਂ ਉਸ ਦੀ ਸ਼ਿਕਾਇਤ ਆਉਣ ’ਤੇ ਤੁਰੰਤ ਕਾਰਵਾਈ ਕਰ ਕੇ ਕੱਟ ਦੀ ਭਰਪਾਈ ਕਰਵਾਈ ਜਾਵੇਗੀ। ਮੰਤਰੀ ਨੇ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ’ ਚ ਬੀਤੇ ਕੱਲ੍ਹ ਸ਼ਾਮ ਤੱਕ 54 ਲੱਖ ਮੀਟ੍ਰਿਕ ਟਨ ਝੋਨਾ ਪੁੱਜਿਆ ਹੈ ਜਿਸ ’ਚੋਂ 50-52 ਲੱਖ ਝੋਨਾ ਖਰੀਦਿਆ ਜਾ ਚੁੱਕਾ ਹੈ ਤੇ ਤੇਜ਼ੀ ਨਾਲ ਲਿਫ਼ਟਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਮੌਕੇ ਕੁੱਝ ਕਿਸਾਨਾਂ ਦੀ ਫ਼ਸਲ ਐਮਐਸਪੀ ਰੇਟ ’ਤੇ ਨਹੀਂ ਖ਼ਰੀਦੀ ਗਈ ਜਿਸ ਸਬੰਧੀ ਸਰਕਾਰ ਨੇ ਸਖ਼ਤ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਹੁਣ ਤੱਕ 3850 ਮਿੱਲਰਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਤੇ ਤਿੰਨ ਹਜ਼ਾਰ ਮਿੱਲਰਾਂ ਨੂੰ ਕੰਮ ਅਲਾਟ ਕੀਤੇ ਗਏ ਹਨ ਤੇ 2800 ਮਿੱਲਰ ਖ਼ਰੀਦੋ ਫ਼ਰੋਖਤ ਕਰ ਰਹੇ ਹਨ।
ਖੇਤੀਬਾੜੀ ਮੰਤਰੀ ਖੁੱਡੀਆਂ ਨੇ ਦੱਸਿਆ ਕਿ ਕਈ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਡੀਏਪੀ ਖਾਦ ਨਾਲ ਹੋਰ ਸਾਮਾਨ ਵੀ ਜਬਰੀ ਦਿੱਤਾ ਜਾ ਰਿਹਾ ਹੈ ਜਿਸ ’ਤੇ ਸਰਕਾਰ ਸਖ਼ਤੀ ਨਾਲ ਨਜ਼ਰ ਰੱਖੇਗੀ।
ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਬਹਿਰੂ, ਵਰਿੰਦਰ ਸਿੰਘ ਭੰਗੂ ਆਦਿ ਹਾਜ਼ਰ ਸਨ। ਮੰਤਰੀਆਂ ਵਲੋਂ ਦਿੱਤੇ ਗਏ ਭਰੋਸੇ ਮਗਰੋਂ ਕਿਸਾਨਾਂ ਨੇ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਮੋਰਚਿਆਂ ’ਤੇ ਜਾਮ ਨਹੀਂ ਲਗਾਇਆ ਜਾਵੇਗਾ ਤੇ ਧਰਨਿਆਂ ਦਾ ਕੰਮ ਸਿਰਫ਼ ਇਸ ਕਰਕੇ ਜਾਰੀ ਰੱਖਿਆ ਜਾਵੇਗਾ ਕਿ ਜੇ ਸਰਕਾਰ ਨੇ ਵਾਅਦੇ ਪੂਰੇ ਨਾ ਕੀਤੇ ਤਾਂ ਇਨ੍ਹਾਂ ਧਰਨਿਆਂ ਨੂੰ ਵੱਡੇ ਰੂਪ ’ਚ ਚਲਾਇਆ ਜਾਵੇਗਾ।