#PUNJAB

ਪੰਜਾਬ ਜ਼ਿਮਨੀ ਚੋਣਾਂ ‘ਚ 3266 ਵੋਟਰਾਂ ਨੇ ਸਾਰੇ ਉਮੀਦਵਾਰਾਂ ਨੂੰ ਨਕਾਰਿਆ

-30 ਉਮੀਦਵਾਰਾਂ ਨੂੰ ਪਈਆਂ ‘ਨੋਟਾ’ ਨਾਲੋਂ ਵੀ ਘੱਟ ਵੋਟਾਂ
ਚੰਡੀਗੜ੍ਹ, 25 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਤੇ ਬੀਤੇ ਦਿਨੀਂ ਹੋਈਆਂ ਜ਼ਿਮਨੀ ਚੋਣਾਂ ਵਿਚ 3266 ਵੋਟਰਾਂ ਨੇ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਉਮੀਦਵਾਰਾਂ ਸਮੇਤ ਕੁੱਲ 45 ਉਮੀਦਵਾਰਾਂ ਨੂੰ ਨਕਾਰ ਦਿੱਤਾ ਹੈ। ਇਨ੍ਹਾਂ ਵਿਚੋਂ 30 ਉਮੀਦਵਾਰ ਅਜਿਹੇ ਸਨ, ਜਿਨ੍ਹਾਂ ਨੂੰ ‘ਨੋਟਾ’ (ਉਪਰੋਕਤ ਵਿਚੋਂ ਕੋਈ ਨਹੀਂ) ਤੋਂ ਵੀ ਘੱਟ ਵੋਟਾਂ ਪਈਆਂ ਹਨ। ਗਿੱਦੜਬਾਹਾ, ਚੱਬੇਵਾਲ, ਡੇਰਾ ਬਾਬਾ ਨਾਨਕ ਤੇ ਬਰਨਾਲਾ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੌਰਾਨ ‘ਆਪ’, ਕਾਂਗਰਸ, ਭਾਜਪਾ ਤੇ ਆਜ਼ਾਦ ਉਮੀਦਵਾਰ ਵਜੋਂ ਕੁੱਲ 45 ਉਮੀਦਵਾਰ ਮੈਦਾਨ ਵਿਚ ਸਨ।
ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਚ 889 ਵੋਟਾਂ ‘ਨੋਟਾ’ ਦੇ ਖਾਤੇ ਗਈਆਂ। ਇਸ ਹਲਕੇ ਤੋਂ ਕੁੱਲ 14 ਉਮੀਦਵਾਰ ਚੋਣ ਮੈਦਾਨ ਵਿਚ ਸਨ, ਜਿਸ ਵਿਚੋਂ 11 ਉਮੀਦਵਾਰਾਂ ਨੂੰ ‘ਨੋਟਾ’ ਨਾਲੋਂ ਘੱਟ ਵੋਟਾਂ ਪਈਆਂ ਹਨ। ਵਿਧਾਨ ਸਭਾ ਹਲਕਾ ਬਰਨਾਲਾ ਤੋਂ ‘ਨੋਟਾ’ ਨੂੰ 618 ਵੋਟਾਂ ਪਈਆਂ। ਇਸ ਹਲਕੇ ਤੋਂ 14 ਉਮੀਦਵਾਰ ਚੋਣ ਮੈਦਾਨ ਵਿਚ ਸਨ। ਇਸ ਵਿਚੋਂ 9 ਉਮੀਦਵਾਰ ‘ਨੋਟਾ’ ਤੋਂ ‘ਹਾਰ’ ਗਏ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਚ 85 ਵੋਟਾਂ ‘ਨੋਟਾ’ ਨੂੰ ਪਈਆਂ। ਇਸ ਹਲਕੇ ਵਿਚ ਕੁੱਲ 11 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਸਨ, ਜਿਸ ਵਿਚੋਂ ਸੱਤ ਉਮੀਦਵਾਰ ‘ਨੋਟਾ’ ਤੋਂ ਪੱਛੜ ਗਏ। ਇਸ ਦੇ ਨਾਲ ਹੀ ਵਿਧਾਨ ਸਭਾ ਹਲਕਾ ਚੱਬੇਵਾਲ ਵਿਚ ‘ਨੋਟਾ’ ਨੂੰ 884 ਵੋਟਾਂ ਮਿਲੀਆਂ। ਇਸ ਹਲਕੇ ਵਿਚ ਕੁੱਲ ਛੇ ਵਿਚੋਂ ਤਿੰਨ ਉਮੀਦਵਾਰਾਂ ਨੂੰ ‘ਨੋਟਾ’ ਨਾਲੋਂ ਘੱਟ ਵੋਟਾਂ ਪਈਆਂ। ਜ਼ਿਕਰਯੋਗ ਹੈ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਚੋਣ ਮੈਦਾਨ ਵਿਚ ਨਿੱਤਰੀਆਂ ਤਿੰਨ ਪ੍ਰਮੁੱਖ ਪਾਰਟੀਆਂ ‘ਆਪ’, ਕਾਂਗਰਸ ਤੇ ਭਾਜਪਾ ਦੇ ਉਮੀਦਵਾਰਾਂ ਨੂੰ ਹੀ ‘ਨੋਟਾ’ ਤੋਂ ਵੱਧ ਵੋਟਾਂ ਪਈਆਂ ਹਨ। ਜਦੋਂਕਿ ਆਜ਼ਾਦ ਤੌਰ ‘ਤੇ ਚੋਣ ਮੈਦਾਨ ਵਿਚ ਨਿੱਤਰੇ ਜ਼ਿਆਦਾਤਰ ਉਮੀਦਵਾਰ ਤਾਂ ਨੋਟਾ ਤੋਂ ਵੀ ਪੱਛੜ ਗਏ ਹਨ। ਇਸ ਵਿਚੋਂ 28 ਉਮੀਦਵਾਰਾਂ ਨੂੰ 500 ਤੋਂ ਵੀ ਘੱਟ ਅਤੇ ਚਾਰ ਉਮੀਦਵਾਰਾਂ ਨੂੰ 100 ਤੋਂ ਵੀ ਘੱਟ ਵੋਟਾਂ ਪਈਆਂ ਹਨ।